ਪਿੰਡ ਮਹਿਮਾ ਸਰਜਾ ਵਿਖੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਗਈ ਸਰਕਾਰੀ ਅਧਿਕਾਰੀਆਂ ਦੀ ਟੀਮ ਨੂੰ ਘੇਰ ਕੇ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਕਰਨ ਵਾਲੇ 9 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੂਚਨਾ ਮੁਤਾਬਕ ਪੁਲਿਸ ਵੱਲੋਂ ਉਕਤ ਕਿਸਾਨਾਂ ਨੂੰ ਫੜਨ ਲਈ ਐਤਵਾਰ ਤੜਕਸਾਰ ਥਾਣਾ ਨੋਹੀਆਂਵਾਲਾ ਅਧੀਨ ਆਉਂਦੇ ਕਈ ਪਿੰਡਾਂ
ਵਿਚ ਛਾਪੇਮਾਰੀ ਵੀ ਕੀਤੀ।


 ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੁਲਿਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ ਵਿਚ ਵੀ ਲਿਆ ਪਰ ਇਸ ਸਬੰਧੀ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਜਿਸ ਕਿਸਾਨ ਦੇ ਖੇਤ ਵਿਚ ਪਰਾਲੀ ਸਾੜੀ ਗਈ ਹੈ, ਉਹ ਆਮ ਆਦਮੀ ਪਾਰਟੀ ਦੇ ਸਰਕਲ ਪੱਧਰ ਦਾ ਆਗੂ ਰਿਹਾ ਹੈ। 


ਥਾਣਾ ਨੇਹੀਆਂਵਾਲਾ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਐੱਸਡੀਓ ਪੀਡਬਲਯੂਡੀ ਬੀ ਐਂਡ ਆਰ ਹਰਪ੍ਰੀਤ ਸਾਗਰ ਨੇ ਦੱਸਿਆ ਕਿ ਡੀਸੀ ਦੇ ਹੁਕਮਾਂ 'ਤੇ ਉਨ੍ਹਾਂ ਡਿਊਟੀ ਗੋਨਿਆਣਾ ਮੰਡੀ ਦੇ ਪਿੰਡ ਵਿਚ ਕਿਸਾਨਾਂ ਨੂੰ ਪਰਾਲੀ ਦੇ ਸਬੰਧ ਵਿਚ ਜਾਗਰੂਕ ਕਰਨ ਦੀ ਡਿਊਟੀ ਲਾਈ ਗਈ ਸੀ। ਇਸ ਦੇ ਚੱਲਦਿਆਂ ਉਹ ਆਪਣੀ ਟੀਮ ਸਮੇਤ ਵੱਖ-ਵੱਖ  ਪਿੰਡਾਂ ਦਾ ਦੌਰਾ ਕਰ ਰਹੇ ਸਨ ਤੇ ਕਿਸਾਨਾਂ ਨੂੰ ਸਮਝਾ ਰਹੇ ਸਨ ਕਿ ਪਰਾਲੀ ਸਾੜਨ ਦੇ ਕੀ ਨੁਕਸਾਨ ਹੁੰਦੇ ਹਨ। 



ਬਠਿੰਡੇ ਦੇ ਪਿੰਡ ਮਹਿਮਾ ਸਰਜਾ ਕੇ ਵਿਖੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਗਏ ਤਾਂ  ਉਲਟਾ ਕਿਸਾਨਾਂ ਨੇ ਉਨ੍ਹਾਂ ਐੱਸਡੀਓ ਤੋਂ ਹੀ ਪਰਾਲੀ ਨੂੰ ਅੱਗ ਲਗਵਾਈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਨੋਟਿਸ ਲਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ।


ਸੀਐੱਮ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪਿਆਰੇ ਪੰਜਾਬੀਓ ਆਹ ਕਿਹੜੇ ਰਾਹਾਂ ‘ਤੇ ਤੁਰ ਪਏ ?? । ਮਾਨ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਪਰਾਲ਼ੀ ਨਾ ਜਲਾਉਣ ਦਾ ਸੰਦੇਸ਼ ਲੈ ਕੇ ਗਿਆ ਪਰ ਓਸੇ ਤੋਂ ਅੱਗ ਲਗਵਾਈ। ਮਾਨ ਨੇ ਕਿਹਾ ਕਿ ਹਵਾ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਦਾ ਦਰਜਾ ਦਿੱਤਾ ਅਤੇ ਅਸੀਂ ਇਸ ਦਰਜੇ ਨੂੰ ਬਰਬਾਦ ਕਰਨ ਲਈ ਆਪਣੇ ਹੱਥਾਂ ‘ਚ ਤੀਲ੍ਹੀਆਂ ਲੈ ਕੇ ਆਪਣੇ ਬੱਚਿਆਂ ਦੇ ਹਿੱਸੇ ਦੀ ਆਕਸੀਜਨ ਨੂੰ ਖ਼ਤਮ ਕਰਨ ਲੱਗੇ ਹਾਂ, ਪਰਚਾ ਦਰਜ ਹੋਣ ਲੱਗਾ ਹੈ।