ਜੈਪੁਰ : ਰਾਜਸਥਾਨ (Rajasthan) ਦੇ ਅਲਵਰ (Alwar) 'ਚ ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਗੈਂਗਰੇਪ ਅਤੇ ਫਿਰ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਇਸ ਜੁਰਮ 'ਚ 8 ਮੁਲਜ਼ਮ ਸ਼ਾਮਲ ਸਨ, ਜਿਨ੍ਹਾਂ ਨੇ ਲੜਕੀ ਨੂੰ ਬਲੈਕਮੇਲ ਕਰਕੇ ਪਹਿਲਾਂ ਕੱਪੜੇ ਉਤਰਵਾਏ ਅਤੇ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਵੀਡੀਓ ਦਾ ਡਰਾਵਾ ਦੇ ਕੇ ਉਸ ਨਾਲ ਗੈਂਗਰੇਪ ਕੀਤਾ ਅਤੇ ਲਗਭਗ 9 ਮਹੀਨਿਆਂ ਤੱਕ ਉਸ ਤੋਂ ਪੈਸੇ ਵਸੂਲਦੇ ਰਹੇ। ਅਖੀਰ ਜਦੋਂ ਲੜਕੀ ਹੋਰ ਪੈਸਿਆਂ ਦਾ ਇੰਤਜ਼ਾਰ ਨਾ ਕਰ ਸਕੀ ਅਤੇ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ।


ਕੀ ਹੈ ਪੂਰਾ ਮਾਮਲਾ?


ਇਹ ਮਾਮਲਾ ਰਾਜਸਥਾਨ ਦੇ ਅਲਵਰ ਦੇ ਕਿਸ਼ਨਗੜ੍ਹ ਬਾਸ ਥਾਣਾ ਖੇਤਰ ਦਾ ਹੈ। ਇੱਥੇ ਰਹਿਣ ਵਾਲੀ ਪੀੜਤਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਨਾਬਾਲਗ ਭੈਣ ਨਾਲ 8 ਲੋਕਾਂ ਨੇ ਗੈਂਗਰੇਪ ਕੀਤਾ। ਉਸ ਅਨੁਸਾਰ ਮੁਲਜ਼ਮ ਸਾਹਿਲ ਵਾਸੀ ਰਾਜੋਟ ਨੇ ਪਿਛਲੇ ਸਾਲ ਦਸੰਬਰ 'ਚ ਉਸ ਦੀ ਭੈਣ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਉਸ ਕੋਲ ਉਸ ਦੀ ਫ਼ੋਟੋ ਹੈ ਅਤੇ ਉਸ ਨੂੰ ਕਿਸੇ ਥਾਂ ਬੁਲਾਇਆ ਸੀ।


ਇਸ ਤੋਂ ਬਾਅਦ ਜਦੋਂ ਪੀੜਤਾ ਉੱਥੇ ਪਹੁੰਚੀ ਤਾਂ ਉਸ ਦੇ ਨਾਲ ਮੌਜੂਦ 8 ਲੋਕਾਂ ਨੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨਾਲ ਗੈਂਗਰੇਪ ਕੀਤਾ ਅਤੇ ਉਸ ਨੂੰ ਉੱਥੇ ਹੀ ਛੱਡ ਕੇ ਚਲੇ ਗਏ। ਉਸ ਦੇ ਭਰਾ ਨੇ ਦੱਸਿਆ ਕਿ ਲਗਭਗ ਇਕ ਘੰਟੇ ਬਾਅਦ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਘਰ ਪਹੁੰਚੀ।


2.50 ਲੱਖ ਰੁਪਏ ਦੀ ਕੀਤੀ ਮੰਗ


ਲੜਕੀ ਦੇ ਭਰਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਮੁਲਜ਼ਮਾਂ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪਿਛਲੇ 9 ਮਹੀਨਿਆਂ 'ਚ ਨਾਬਾਲਗ ਨੂੰ ਤੰਗ-ਪ੍ਰੇਸ਼ਾਨ ਕਰਦੇ ਹੋਏ 50,000 ਰੁਪਏ ਲੈ ਲਏ। ਮੁਲਜ਼ਮਾਂ ਦੀ ਮੰਗ ਸੀ ਕਿ ਲੜਕੀ ਉਨ੍ਹਾਂ ਨੂੰ ਢਾਈ ਲੱਖ ਰੁਪਏ ਦੇਵੇ ਪਰ ਜਦੋਂ ਲੜਕੀ ਨੇ ਕਿਹਾ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਅਤੇ ਹੁਣ ਉਹ ਨਹੀਂ ਦੇ ਸਕਦੀ ਤਾਂ ਮੁਲਜ਼ਮਾਂ ਨੇ ਉਸ ਦੀ ਵੀਡੀਓ ਆਨਲਾਈਨ ਅਪਲੋਡ ਕਰ ਦਿੱਤੀ, ਜੋ ਵਾਇਰਲ ਹੋ ਗਈ। ਉਸ ਦੇ ਭਰਾ ਨੇ ਇਹ ਵੀ ਦੱਸਿਆ ਕਿ ਮੁਲਜ਼ਮਾਂ ਨੇ ਇਸੇ ਸਾਲ 3 ਜਨਵਰੀ ਅਤੇ 6 ਅਪ੍ਰੈਲ ਨੂੰ ਵੀ ਉਸ ਨਾਲ ਬਲਾਤਕਾਰ ਕੀਤਾ ਸੀ।


ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕਰ ਰਹੀ ਪੁਲਿਸ


ਇਸ ਮਾਮਲੇ 'ਚ ਅਰਬਾਜ਼ ਵਾਸੀ ਨਗਲਾ ਡੂੰਗਰ, ਜਾਵੇਦ ਵਾਸੀ ਬਾਜੋਟ, ਮੁਸਤਕੀਮ ਵਾਸੀ ਇਸਮਾਈਲਪੁਰ, ਤਾਲੀਮ, ਸਲਮਾਨ ਉਰਫ਼ ਛੋਟੇਲਾਲ, ਅਕਰਮ, ਇਕ ਹੋਰ ਅਕਰਮ ਅਤੇ ਸਾਹਿਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਗੈਂਗਰੇਪ, ਪੋਕਸੋ ਅਤੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।


ਇਸ ਸਬੰਧੀ ਗੱਲ ਕਰਦਿਆਂ ਉਪ ਪੁਲਿਸ ਕਪਤਾਨ ਕਿਸ਼ਨਗੜ੍ਹ ਬਾਸ ਸਰਕਲ ਅਤੁਲ ਅਗਰ ਨੇ ਦੱਸਿਆ ਕਿ ਲੜਕੀ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।