Woman gang-raped in front of husband: ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ 'ਚ ਇੱਕ 45 ਸਾਲਾ ਔਰਤ ਨਾਲ ਉਸ ਦੇ ਪਤੀ ਦੇ ਸਾਹਮਣੇ 4 ਵਿਅਕਤੀਆਂ ਨੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਦੋਸ਼ ਹੈ ਕਿ ਚਾਰ ਲੋਕ ਚੋਰੀ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਅਤੇ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਪੁਲਿਸ ਮੁਤਾਬਕ ਇਹ ਘਟਨਾ ਬੁੱਧਵਾਰ ਦੀ ਹੈ। ਪਰ ਸਦਮੇ ਕਾਰਨ ਜੋੜਾ ਵੀਰਵਾਰ ਨੂੰ ਘਰ ਤੋਂ ਬਾਹਰ ਨਹੀਂ ਆਇਆ। ਇਸ ਤੋਂ ਬਾਅਦ ਪੁਲਿਸ ਕੋਲ ਜਾਣ ਦਾ ਫੈਸਲਾ ਕੀਤਾ ਅਤੇ ਸ਼ੁੱਕਰਵਾਰ ਨੂੰ ਸਥਾਨਕ ਪੁਲਿਸ ਸਟੇਸ਼ਨ ਪਹੁੰਚ ਕੇ ਮਾਮਲਾ ਦਰਜ ਕਰਵਾਇਆ। ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਸ਼ਨੀਵਾਰ ਨੂੰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਚੌਥੇ ਮੁਲਜ਼ਮ ਦੀ ਵੀ ਭਾਲ ਕੀਤੀ ਜਾ ਰਹੀ ਹੈ।


ਪਿੰਡਵਾੜਾ ਦੇ ਉਪ ਪੁਲਿਸ ਕਪਤਾਨ ਜੇਠੂ ਸਿੰਘ ਨੇ ਦੱਸਿਆ ਕਿ ਔਰਤ ਦਾ ਪਤੀ ਚੌਕੀਦਾਰ ਵਜੋਂ ਕੰਮ ਕਰਦਾ ਹੈ। ਬੁੱਧਵਾਰ ਦੀ ਰਾਤ ਜਦੋਂ ਦੋਵੇਂ ਸੌਣ ਦੀ ਤਿਆਰੀ ਕਰ ਰਹੇ ਸਨ 4 ਚਾਰ ਵਿਅਕਤੀ ਜ਼ਬਰਦਸਤੀ ਉਨ੍ਹਾਂ ਦੇ ਘਰ 'ਚ ਦਾਖਲ ਹੋਏ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ।


ਅਧਿਕਾਰੀ ਦੇ ਅਨੁਸਾਰ, "ਉਨ੍ਹਾਂ ਨੇ ਪਤੀ ਨੂੰ ਉਸ ਦੇ ਕੱਪੜੇ ਉਤਾਰਨ ਲਈ ਕਿਹਾ ਅਤੇ ਉਸ ਦੀ ਜੇਬ ਵਿੱਚੋਂ 1400 ਰੁਪਏ ਕੱਢ ਲਏ। ਉਨ੍ਹਾਂ ਨੇ ਘਰ 'ਚ ਹੋਰ ਨਕਦੀ ਅਤੇ ਹੋਰ ਕੀਮਤੀ ਸਾਮਾਨ ਬਾਰੇ ਪੁੱਛਿਆ ਪਰ ਪਤੀ-ਪਤਨੀ ਕੋਲ ਕੁਝ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਕੁਝ ਨਹੀਂ ਸੀ। ਜਦੋਂ ਉਨ੍ਹਾਂ ਨੂੰ ਇਸ ਤੋਂ ਵੱਧ ਕੁਝ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਵਾਰੀ-ਵਾਰੀ ਉਸ ਦੇ ਪਤੀ ਦੇ ਸਾਹਮਣੇ ਹੀ ਔਰਤ ਨਾਲ ਬਲਾਤਕਾਰ ਕੀਤਾ।


ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਸਟੇਸ਼ਨ ਨੂੰ ਸੂਚਨਾ ਮਿਲੀ, ਪੁਲਿਸ ਹਰਕਤ 'ਚ ਆ ਗਈ ਅਤੇ ਵੱਖ-ਵੱਖ ਥਾਣਿਆਂ ਦੇ ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ 'ਚ ਜੁਟ ਗਏ। ਉਨ੍ਹਾਂ ਕਿਹਾ, "ਮੁਲਜ਼ਮਾਂ ਦੀ ਜਲਦੀ ਪਛਾਣ ਕਰ ਲਈ ਗਈ ਅਤੇ ਉਨ੍ਹਾਂ ਵਿੱਚੋਂ 3 ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਾਡੀਆਂ ਟੀਮਾਂ ਚੌਥੇ ਮੁਲਜ਼ਮ ਦੀ ਭਾਲ 'ਚ ਹਨ ਅਤੇ ਉਨ੍ਹਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।"