ਗਿੱਦੜਬਾਹਾ: ਕੱਚਾ ਤਲਾਬ ਇਲਾਕੇ ਵਿੱਚ ਅੱਜ ਘਰ ਵਿੱਚ ਖੇਡਦੀ ਇੱਕ 10 ਸਾਲਾ ਲੜਕੀ ਦੀ ਖੇਡ-ਖੇਡ ਵਿੱਚ ਹੀ ਚੁੰਨੀ ਨਾਲ ਫਾਹਾ ਲੈ ਕੇ ਮੌਤ ਹੋ ਜਾਣ ਦਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 10 ਸਾਲਾਂ ਮ੍ਰਿਤਕ ਲੜਕੀ ਪ੍ਰੀਤੀ ਦੀ ਮਾਤਾ ਮੰਨੂ ਪਤਨੀ ਛੋਟੇ ਲਾਲ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਪੋਚੇ ਲਾਉਣ ਦਾ ਕੰਮ ਕਰਦੀ ਹੈ। ਉਸ ਦਾ ਪਤੀ ਛੋਟੇ ਲਾਲ ਘਰ ਦੇ ਨਜ਼ਦੀਕ ਹੀ ਸਥਿਤ ਇੱਕ ਬੇਕਰੀ ਵਿੱਚ ਕੰਮ ਕਰਦਾ ਹੈ।



ਉਸ ਨੇ ਦੱਸਿਆ ਕਿ ਉਸ ਦਾ ਪਤੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ 8 ਵਜੇ  ਆਪਣੇ ਕੰਮ ਤੇ ਚਲਾ ਗਿਆ ਜਦੋਂਕਿ ਉਹ ਵੀ ਆਪਣੀ ਲੜਕੀ ਪ੍ਰੀਤੀ ਤੇ 2 ਲੜਕਿਆਂ ਜਿਨ੍ਹਾਂ ਦੀ ਉਮਰ 8 ਤੇ 7 ਸਾਲ ਹੈ, ਨੂੰ ਘਰ ਵਿਚ ਛੱਡ ਕੇ ਬਾਹਰੋਂ ਜਿੰਦਰਾ ਲਾ ਕੇ ਕੰਮ ਤੇ ਚਲੀ ਗਈ। ਇਸ ਦੌਰਾਨ ਲੜਕੀ ਪ੍ਰੀਤੀ ਨੇ ਆਪਣੇ ਭਰਾਵਾਂ ਨਾਲ ਖੇਡਦੇ ਹੋਏ ਘਰ ਵਿੱਚ ਪਈਆਂ 2 ਪਲਾਸਟਿਕ ਦੀਆਂ ਬਾਲਟੀਆਂ ਤੇ ਬੱਠਲ ਲਾ ਕੇ ਆਪਣੇ ਗਲ ਵਿੱਚ ਚੁੰਨੀ ਪਾ ਲਈ ਤੇ ਛੱਤ ਦੀ ਹੁੱਕ ਤੇ ਲਟਕ ਗਈ।

ਲੜਕੀ ਵਿੱਚ ਕੋਈ ਵੀ ਹਰਕਤ ਨਾ ਹੋਣ ਤੇ ਉਸ ਦੇ 8 ਸਾਲਾ ਤੇ 7 ਸਾਲਾ ਭਰਾਵਾਂ ਨੇ ਘਰ ਦੀ ਛੱਤ ਤੇ ਚੜ੍ਹ ਕੇ ਰੌਲਾ ਪਾਇਆ ਜਿਸ ਤੇ ਸੂਚਨਾ ਮਿਲਣ ਤੇ ਛੋਟੇ ਲਾਲ ਘਰ ਪੁੱਜਾ ਤੇ ਗੇਟ ਨੂੰ ਤੋੜ ਕੇ ਜਦੋਂ ਘਰ ਅੰਦਰ ਦਾਖਲ ਹੋਇਆ ਤਾਂ ਉਸ ਸਮੇਂ ਤੱਕ ਲੜਕੀ ਪ੍ਰੀਤੀ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਲੜਕੀ ਪ੍ਰੀਤੀ ਦੀ ਮਾਤਾ ਮੰਨੂੰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਇਕ ਤੋਤਾ ਆ ਗਿਆ ਸੀ ਜਿਸ ਨੂੰ ਉਨ੍ਹਾਂ ਆਪਣੇ ਘਰ ਰੱਖ ਲਿਆ ਸੀ ਪਰ ਉਕਤ ਤੋਤੇ ਦੀ ਕਰੀਬ 10 ਦਿਨ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੜਕੀ ਪ੍ਰੀਤੀ ਬਹੁਤ ਉਦਾਸ ਰਹਿੰਦੀ ਸੀ ਪਰ ਲੜਕੀ ਵੱਲੋਂ ਤੋਤੇ ਦੀ ਮੌਤ ਕਾਰਨ ਫਾਹਾ ਲਿਆ ਗਿਆ ਜਾਂ ਕਿਸੇ ਹੋਰ ਕਾਰਨ ਇਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ।

ਉੱਧਰ ਮੌਕੇ ਉਤੇ ਪਹੁੰਚੀ ਥਾਣਾ ਗਿੱਦੜਬਾਹਾ ਦੀ ਪੁਲਿਸ ਵੱਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਰਖਵਾ ਦਿੱਤਾ ਗਿਆ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਵੀ ਕੋਈ ਟਿੱਪਣੀ ਮੀਡੀਆ ਸਾਹਮਣੇ ਨਹੀਂ ਕੀਤੀ ਗਈ।


ਇਹ ਵੀ ਪੜ੍ਹੋ: Punjab Paddy Sowing: ਝੋਨੇ ਦੀ ਲੁਆਈ ਸ਼ੁਰੂ ਹੋਣ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਦਾ ਕਿਸਾਨਾਂ ਨਾਲ ਵਾਅਦਾ, ਨਾਲ ਹੀ ਦਿੱਤੀ ਚੇਤਾਵਨੀ