Punjab Police: ਪੰਜਾਬ ਪੁਲਿਸ ਨੇ ਇਸ ਵੇਲੇ ਨਸ਼ਾ ਤਸਕਰਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਤਸਕਰਾਂ ਦੇ ਘਰਾਂ ਉੱਤੇ ਹੁਣ ਬੁਲਡੋਜ਼ਰ ਐਕਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਜਲੰਧਰ ਤੋਂ ਤਸਕਰਾਂ ਤੇ ਪੁਲਿਸ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰੀ ਹੈ, ਉਹ ਰਿਹਾਇਸ਼ੀ ਇਲਾਕਾ ਹੈ ਅਤੇ ਨੇੜੇ-ਤੇੜੇ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ।

ਕੀ ਹੈ ਪੂਰਾ ਮਾਮਲਾ ?

ਦਰਅਸਲ, ਪੁਲਿਸ ਨੇ ਨਾਕੇ ਦੌਰਾਨ ਨਸ਼ਾ ਤਸਕਰਾਂ ਦੀ ਕਾਰ ਨੂੰ ਰੋਕਿਆ ਚਾਹਿਆ ਤਾਂ ਉਨ੍ਹਾਂ ਨੇ ਕਾਰ ਨਹੀਂ ਰੋਕੀ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਉੱਤੇ ਗੋਲ਼ੀਆਂ ਚਲਾ ਦਿੱਤੀਆਂ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਕੁੱਲ 8 ਗੋਲੀਆਂ ਚਲਾਈਆਂ ਗਈਆਂ। ਕਾਰ ਵਿੱਚ ਕੁੱਲ ਚਾਰ ਲੋਕ ਸਨ। ਪੁਲਿਸ ਵੱਲੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਦੋ ਵਿਅਕਤੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ।

ਜਾਣਕਾਰੀ ਅਨੁਸਾਰ ਇਹ ਮੁਕਾਬਲਾ ਜਲੰਧਰ ਸਿਟੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਅਤੇ ਨਸ਼ਾ ਤਸਕਰ ਵਿਚਕਾਰ ਹੋਇਆ। ਜਦੋਂ ਪੁਲਿਸ ਤਸਕਰਾਂ ਦਾ ਪਿੱਛਾ ਕਰ ਰਹੀ ਸੀ, ਤਾਂ ਉਨ੍ਹਾਂ ਨੇ ਆਪਣੀ ਕਾਰ ਤੇਜ਼ ਕਰ ਦਿੱਤੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਨੇ ਗੱਡੀ ਹੋਰ ਤੇਜ਼ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਗੱਡੀ ਦੇ ਟਾਇਰਾਂ ਵਿੱਚ ਗੋਲ਼ੀਆਂ ਮਾਰਕੇ ਉਨ੍ਹਾਂ ਨੂੰ ਰੋਕਿਆ।

ਇਸ ਦੌਰਾਨ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਗੋਲ਼ੀਆਂ ਸਿੱਧੀਆਂ ਕਾਰ ਵੱਲ ਚਲਾਈਆਂ ਗਈਆਂ ਸਨ ਜਿਸ ਕਰਕੇ ਕਾਰ ਦਾ ਸ਼ੀਸ਼ਾ ਟੁੱਟ ਗਿਆ ਹੈ। ਕਾਰ ਦੇ ਅੰਦਰ ਇੱਕ ਨਿੱਜੀ ਪੋਰਟਲ ਦਾ ਪ੍ਰੈਸ ਕਾਰਡ ਵੀ ਪਿਆ ਮਿਲਿਆ। ਪੁਲਿਸ ਨੇ ਨਸ਼ਾ ਤਸਕਰ ਸੰਦੀਪ ਉਰਫ਼ ਗਿੰਨੀ, ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ, ਅਤੇ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋ ਫਰਾਰ ਤਸਕਰਾਂ ਦੀ ਭਾਲ ਇਸ ਸਮੇਂ ਜਾਰੀ ਹੈ। ਉਸਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ, ਪੁਲਿਸ ਉਸਨੂੰ ਸਪੈਸ਼ਲ ਸੈੱਲ ਦੇ ਦਫ਼ਤਰ ਲੈ ਗਈ। ਪੁਲਿਸ ਨੇ ਤਸਕਰਾਂ ਦੀ ਕਾਰ ਨੂੰ ਜ਼ਬਤ ਕਰ ਲਿਆ ਹੈ ਜੋ ਕਿ ਅਪਰਾਧ ਵਾਲੀ ਥਾਂ 'ਤੇ ਨੁਕਸਾਨੀ ਗਈ ਸੀ।