ਲੁਧਿਆਣਾ ਤੋਂ ਬਹੁਤ ਹੀ ਮਾੜੀ ਖਬਰ ਨਿਕਲੇ ਸਾਹਮਣੇ ਆਈ ਹੈ। ਜਿੱਥੇ ਦੀਵਾਲੀ ਦੀਆਂ ਖੁਸ਼ੀਆਂ ਉਸ ਵੇਲੇ ਸੋਗ 'ਚ ਬਦਲ ਗਈਆਂ ਜਦੋਂ ਤਿੰਨ ਭੈਣਾਂ ਦੇ ਇਕਲੌਤੇ ਭਰਾ ਅਤੇ ਛੇ ਮਹੀਨੇ ਦੀ ਬੇਟੀ ਦੇ ਪਿਤਾ ਅਮਿਤ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਅਮਿਤ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਹਿਲਾਂ ਲੱਗਿਆ ਚੱਕਰ ਖਾ ਕੇ ਡਿੱਗ ਫਿਰ ਨਜ਼ਰ ਆਇਆ ਖੂਨ
ਇਹ ਘਟਨਾ ਦੀਵਾਲੀ ਦੀ ਰਾਤ ਲਗਭਗ 9 ਵਜੇ ਦੀ ਹੈ। ਅਮਿਤ ਆਪਣੇ ਦੋਸਤਾਂ ਨਾਲ ਘਰ ਦੇ ਬਾਹਰ ਕਾਰ 'ਚੋਂ ਸਮਾਨ ਕੱਢ ਰਿਹਾ ਸੀ ਕਿ ਅਚਾਨਕ ਡਿੱਗ ਪਿਆ। ਨਾਲ ਮੌਜੂਦ ਉਸਦਾ ਦੋਸਤ ਬਬਲੂ ਦੱਸਦਾ ਹੈ ਕਿ ਪਹਿਲਾਂ ਲੱਗਾ ਕਿ ਉਸਨੂੰ ਚੱਕਰ ਆਇਆ ਹੈ, ਪਰ ਨੇੜੇ ਜਾ ਕੇ ਦੇਖਿਆ ਤਾਂ ਸਿਰ 'ਚੋਂ ਖੂਨ ਵੱਗ ਰਿਹਾ ਸੀ। ਤੁਰੰਤ ਉਸਨੂੰ ਸੋਬਤੀ ਹਸਪਤਾਲ ਲਿਜਾਇਆ ਗਿਆ, ਜਿਥੋਂ ਨਾਜ਼ੁਕ ਹਾਲਤ ਦੇ ਚਲਦੇ ਉਸਨੂੰ DMC ਰੈਫਰ ਕੀਤਾ ਗਿਆ। DMC 'ਚ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪਰਿਵਾਰਿਕ ਮੈਂਬਰਾਂ ਦਾ ਦੋਸ਼ – ਇਹ ਸੋਚੀ ਸਮਝੀ ਹੱਤਿਆ ਹੈ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਮਿਤ ਦੇ ਸਿਰ ਦੇ ਉੱਪਰੀ ਹਿੱਸੇ 'ਤੇ ਡੂੰਘੇ ਜ਼ਖਮ ਦਾ ਨਿਸ਼ਾਨ ਸੀ, ਜੋ ਗੋਲੀ ਲੱਗਣ ਵਰਗਾ ਲੱਗ ਰਿਹਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਕੋਈ ਹਾਦਸਾ ਨਹੀਂ, ਸਗੋਂ ਸੋਚੀ ਸਮਝੀ ਹੱਤਿਆ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਗੋਲੀ ਲੱਗਣ ਦੀ ਪੁਸ਼ਟੀ ਨਹੀਂ ਕੀਤੀ ਗਈ।
ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਮੌਤ ਦੀ ਅਸਲ ਵਜ੍ਹਾ
ਥਾਣਾ ਪੀਏਯੂ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਮੌਤ ਦੇ ਅਸਲੀ ਕਾਰਣ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ। ਪੁਲਿਸ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਕੇ ਹਰ ਪੱਖੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਬਾਈਲ ਦੀ ਦੁਕਾਨ 'ਤੇ ਕੰਮ ਕਰਦਾ ਸੀ ਅਮਿਤ
ਅਮਿਤ ਮੋਬਾਈਲ ਦੀ ਦੁਕਾਨ 'ਤੇ ਕੰਮ ਕਰਦਾ ਸੀ। ਉਹ ਆਪਣੇ ਪਿੱਛੇ ਮਾਪੇ, ਤਿੰਨ ਭੈਣਾਂ, ਚਾਰ ਸਾਲ ਦੇ ਪੁੱਤਰ ਅਤੇ ਛੇ ਮਹੀਨੇ ਦੀ ਧੀ ਛੱਡ ਗਿਆ ਹੈ। ਪਰਿਵਾਰ 'ਚ ਸੋਗ ਦਾ ਮਾਹੌਲ ਹੈ ਅਤੇ ਦੀਵਾਲੀ ਦੀ ਰਾਤ ਗ਼ਮਗੀਨ ਹੋ ਗਈ।