Ludhiana murder: ਲੁਧਿਆਣਾ 'ਚ ਰਾਤ 9.30 ਵਜੇ ਗੁਆਂਢੀਆਂ ਵਿਚਾਲੇ ਹੋਈ ਲੜਾਈ ਇਕ ਵਿਅਕਤੀ ਨੂੰ ਮਹਿੰਗੀ ਸਾਬਤ ਹੋਈ। ਬਦਮਾਸ਼ਾਂ ਨੇ ਸ਼ਰੇਆਮ ਉਸ ਦੀ ਗਰਦਨ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਸ਼ਿਮਲਾਪੁਰੀ ਦੇ ਸੂਰਜ ਨਗਰ ਇਲਾਕੇ ਦੀ ਦੱਸੀ ਜਾ ਰਹੀ ਹੈ। ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਾਉਂਦੇ ਹੋਏ ਬਦਮਾਸ਼ ਹਥਿਆਰ ਲਹਿਰਾਉਂਦੇ ਹੋਏ ਫ਼ਰਾਰ ਹੋ ਗਏ। ਹਮਲੇ 'ਚ ਇਕ ਵਿਅਕਤੀ ਜ਼ਖਮੀ ਵੀ ਹੋਇਆ ਹੈ। ਲੋਕਾਂ ਨੇ ਗੰਭੀਰ ਜ਼ਖ਼ਮੀ ਗੁਰਦੀਪ ਸਿੰਘ ਸੋਨੂੰ (41) ਨੂੰ ਸਿਵਲ ਹਸਪਤਾਲ ਲਿਆਂਦਾ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕੁੱਝ ਦਿਨਾਂ 'ਚ ਆਉਣ ਵਾਲਾ ਸੀ ਵੀਜ਼ਾ
ਮਿਲੀ ਜਾਣਕਾਰੀ ਅਨੁਸਾਰ ਸੋਨੂੰ ਵੈਲਡਿੰਗ ਦਾ ਕੰਮ ਕਰਦਾ ਸੀ। ਉਸਦਾ ਵੀਜ਼ਾ ਕੁਝ ਦਿਨਾਂ ਵਿੱਚ ਆਉਣਾ ਸੀ। ਉਸਨੇ ਵਿਦੇਸ਼ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ। ਸੋਨੂੰ ਦੇ ਦੋ ਬੱਚੇ ਹਨ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।
ਇਹ ਸੀ ਪੂਰਾ ਮਾਮਲਾ
ਇਲਾਕੇ 'ਚ ਦੀਪੂ ਨਾਂ ਦੇ ਨੌਜਵਾਨ ਦਾ ਆਪਣੇ ਮਾਮੇ ਅਤੇ ਉਸ ਦੀ ਲੜਕੀ ਨਾਲ ਝਗੜਾ ਚੱਲ ਰਿਹਾ ਸੀ। ਗੁਰਦੀਪ ਉਨ੍ਹਾਂ ਦੀ ਲੜਾਈ ਨੂੰ ਸ਼ਾਂਤ ਕਰਨ ਗਿਆ ਸੀ। ਮਾਮਲਾ ਸ਼ਾਂਤ ਕਰਨ ਤੋਂ ਬਾਅਦ ਉਹ ਆਪਣੇ ਘਰ ਤੋਂ ਕੁਝ ਦੂਰ ਹੀ ਪਹੁੰਚਿਆ ਹੀ ਸੀ ਕਿ ਦੀਪੂ ਦੇ ਮਾਮੇ ਦੀ ਬੇਟੀ ਸੀਮਾ ਨੇ ਕੁੱਝ ਹਥਿਆਰਬੰਦ ਨੌਜਵਾਨਾਂ ਨੂੰ ਮੌਕੇ 'ਤੇ ਬੁਲਾ ਲਿਆ। ਉਕਤ ਸਾਰੇ ਨੌਜਵਾਨਾਂ ਨੇ ਗੁਰਦੀਪ ਸਿੰਘ ਸੋਨੂੰ ਦੀ ਕੁੱਟਮਾਰ ਕੀਤੀ। ਉਸ ਨੇ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਬਦਮਾਸ਼ਾਂ ਨੇ ਉਸਦਾ ਪਿੱਛਾ ਕੀਤਾ ਅਤੇ ਗਲੀ ਦੇ ਵਿਚਕਾਰ ਉਸਦੀ ਕੁੱਟਮਾਰ ਕੀਤੀ। ਜਦੋਂ ਗੁਰਦੀਪ ਸਿੰਘ ਦੀ ਗਰਦਨ 'ਤੇ ਤਲਵਾਰ ਨਾਲ ਵਾਰ ਕੀਤਾ ਗਿਆ ਤਾਂ ਉਸ ਨੇ ਰੌਲਾ ਪਾ ਦਿੱਤਾ। ਗੁਰਦੀਪ ਦੇ ਚੀਕਣ ਦੀ ਆਵਾਜ਼ 'ਤੇ ਲੋਕ ਇਕੱਠੇ ਹੋ ਗਏ ਪਰ ਬਦਮਾਸ਼ ਤਲਵਾਰਾਂ ਲਹਿਰਾਉਂਦੇ ਹੋਏ ਭੱਜ ਗਏ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਵਿੱਚੋਂ ਦੋ ਨਿਹੰਗ ਬਾਣੇ ਦੇ ਵਿੱਚ ਆਏ ਹੋਏ ਸਨ।
ਕੱਟ ਗਈਆਂ ਸਨ ਗਰਦਨ ਦੀਆਂ ਨਾੜਾਂ
ਜਦੋਂ ਗੁਰਦੀਪ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਕਾਫੀ ਖੂਨ ਵਹਿ ਚੁੱਕਾ ਸੀ ਤੇ ਨਾਲ ਹੀ ਉਸ ਦੀ ਗਰਦਨ ਦੀਆਂ ਨਾੜਾਂ ਕੱਟੀਆਂ ਗਈਆਂ ਸਨ। ਇਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ।
ਦੋ ਔਰਤਾਂ ਨੂੰ ਲਿਆ ਹਿਰਾਸਤ 'ਚ, ਬਾਕੀ ਦੇ ਹਮਲਾਵਰ ਜਲਦੀ ਹੀ ਫੜੇ ਜਾਣਗੇ
ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਦੋ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਇਸ ਕਤਲ ਕੇਸ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਦੇਰ ਰਾਤ ਟੀਮਾਂ ਬਣਾਈਆਂ। ਘਟਨਾ ਦਾ ਪਤਾ ਲੱਗਦਿਆਂ ਹੀ ਏਸੀਪੀ ਬ੍ਰਿਜ ਮੋਹਨ ਮੌਕੇ 'ਤੇ ਪਹੁੰਚੇ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਘਟਨਾ ਵਾਲੀ ਥਾਂ ਤੋਂ ਕੁਝ ਦੂਰ ਗੁਰਦੁਆਰਾ ਸਾਹਿਬ ਨੇੜੇ ਭੱਜਦੇ ਹੋਏ ਹਮਲਾਵਰ ਦੀ ਪੱਗ ਵੀ ਡਿੱਗ ਗਈ ਸੀ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਦੇਰ ਰਾਤ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਏਸੀਪੀ ਬ੍ਰਿਜ ਮੋਹਨ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਗੁਆਂਢੀਆਂ ਵਿਚਾਲੇ ਝਗੜਾ ਸੁਲਝਾਉਣ ਗਏ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਹਮਲਾਵਰ ਜਲਦੀ ਹੀ ਫੜੇ ਜਾਣਗੇ।