Ludhiana News : ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪ੍ਰੇਮਿਕਾ ਵੱਲੋਂ ਆਪਣੇ ਵਿਆਹੇ ਹੋਏ ਬੁਆਏਫ੍ਰੈਂਡ ਨੂੰ ਜਦੋਂ ਵਿਆਹ ਤੋਂ ਇਨਕਾਰ ਕੀਤਾ ਤਾਂ ਨੌਜਵਾਨ ਨੂੰ ਇਹ ਬਰਦਾਸ਼ ਨਹੀਂ ਹੋਇਆ ਅਤੇ ਉਸ ਨੇ ਲੜਕੀ ਦੀਆਂ ਅਸ਼ਲੀਲ ਫੋਟੋਆਂ ਦੇ ਫਲੈਕਸ ਬਣਾ ਕੇ ਘਰ ਦੇ ਬਾਹਰ ਕੰਧਾਂ 'ਤੇ ਚਿਪਕਾ ਦਿੱਤੇ। ਥਾਣਾ ਸਿਟੀ ਜਗਰਾਉਂ ਦੀ ਪੁਲੀਸ ਨੇ ਲੜਕੀ ਦੀ ਸ਼ਿਕਾਇਤ ’ਤੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।



ਇਹ ਸੀ ਪੂਰਾ ਮਾਮਲਾ


ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਵਾਸੀ ਕੋਠੇ ਸਾਧਨਾ ਜ਼ਿਲ੍ਹਾ ਗੁਰਦਾਸਪੁਰ ਅਤੇ ਦੀਪਕ ਵਾਸੀ ਸ਼ਕਤੀ ਨਗਰ, ਜਗਰਾਉਂ ਵਜੋਂ ਹੋਈ ਹੈ। ਪੁਲਿਸ ਨੇ ਦੀਪਕ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਮੋਬਾਈਲ ਅਤੇ 5 ਫਲੈਕਸ ਬਰਾਮਦ ਕੀਤੇ ਹਨ, ਜਦੋਂਕਿ ਰਾਜਕੁਮਾਰ ਮਲੇਸ਼ੀਆ ਵਿੱਚ ਹੋਣ ਕਾਰਨ ਫਰਾਰ ਹੈ।


ਥਾਣਾ ਸਿਟੀ ਦੇ ਏਐਸਆਈ ਜਗਰੂਪ ਸਿੰਘ ਅਨੁਸਾਰ ਲੜਕੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸਾਲ 2019 ਵਿੱਚ ਤਹਿਸੀਲ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਲੈਬ ਵਿੱਚ ਕੰਮ ਕਰਦੀ ਸੀ। ਰਾਜਕੁਮਾਰ ਵੀ ਉੱਥੇ ਕੰਮ ਕਰਦੇ ਸਨ। ਉੱਥੇ ਇੱਕ ਦੂਜੇ ਨੂੰ ਜਾਣਨ ਤੋਂ ਬਾਅਦ ਦੋਵੇਂ ਦੋਸਤ ਬਣ ਗਏ। ਇਸ ਤੋਂ ਬਾਅਦ ਸਾਲ 2021 'ਚ ਉਹ ਨੌਕਰੀ ਛੱਡ ਕੇ ਲੁਧਿਆਣਾ 'ਚ ਕੰਮ ਕਰਨ ਲਈ ਚਲੀ ਗਈ।


ਰਾਜਕੁਮਾਰ ਵੀ ਨੌਕਰੀ ਛੱਡ ਕੇ ਆਪਣੇ ਪਿੰਡ ਚਲਾ ਗਿਆ। ਇਸ ਦੌਰਾਨ ਦੋਵੇਂ ਫੋਨ 'ਤੇ ਗੱਲ ਕਰਦੇ ਰਹੇ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਰਾਜਕੁਮਾਰ ਨੇ ਕਿਸੇ ਹੋਰ ਲੜਕੀ ਨਾਲ ਵਿਆਹ ਕਰ ਲਿਆ ਸੀ। ਉਸ ਨੇ ਰਾਜਕੁਮਾਰ ਦਾ ਨੰਬਰ ਬਲਾਕ ਕਰ ਦਿੱਤਾ ਅਤੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਇਸ ਤੋਂ ਬਾਅਦ 2022 ਵਿੱਚ ਰਾਜਕੁਮਾਰ ਕੰਮ ਕਰਨ ਲਈ ਮਲੇਸ਼ੀਆ ਚਲਾ ਗਿਆ।


ਮੁੰਡਾ ਇਸ ਤਰ੍ਹਾਂ ਦੀ ਦਿੰਦਾ ਸੀ ਧਮਕੀਆਂ


ਉੱਥੇ ਜਾ ਕੇ ਉਸ ਨੇ ਨਵੇਂ ਨੰਬਰ ਤੋਂ ਕਾਲ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਉਸ 'ਤੇ ਮਲੇਸ਼ੀਆ ਆਉਣ ਲਈ ਦਬਾਅ ਪਾਇਆ, ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਕੁੜੀ ਨੇ ਰਾਜਕੁਮਾਰ ਨੂੰ ਕਿਹਾ ਕਿ ਤੂੰ ਸ਼ਾਦੀਸ਼ੁਦਾ ਹੈ, ਮੈਂ ਵਿਆਹ ਨਹੀਂ ਕਰ ਸਕਦੀ। ਇਸ ਤੋਂ ਬਾਅਦ ਰਾਜਕੁਮਾਰ ਨੇ ਉਸ ਨੂੰ ਫੋਨ ਕਰਕੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਜੇਕਰ ਉਸ ਨੇ ਉਸ ਨਾਲ ਵਿਆਹ ਨਾ ਕਰਵਾਇਆ ਤਾਂ ਉਹ ਉਸ ਦੀ ਅਸ਼ਲੀਲ ਫੋਟੋ ਵਾਇਰਲ ਕਰ ਦੇਵੇਗਾ। ਮਲੇਸ਼ੀਆ ਤੋਂ ਵਾਪਸ ਆਉਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਦੀ ਅਸ਼ਲੀਲ ਫੋਟੋ ਦੇ ਫਲੈਕਸ ਕੁੜੀ ਦੇ ਘਰ ਦੇ ਬਾਹਰ ਕੰਧ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚਿਪਕਾ ਦਿੱਤੇ।


ਪੁਲਿਸ ਕਰ ਰਹੀ ਜਾਂਚ


ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਲਿਆ ਗਿਆ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਦੋਸ਼ੀ ਨੇ ਅਸ਼ਲੀਲ ਫੋਟੋਆਂ ਵਾਲੇ ਫਲੈਕਸ ਕਿੱਥੋਂ ਤਿਆਰ ਕੀਤੇ ਹਨ। ਇਸ ਤੋਂ ਇਲਾਵਾ ਕਿਸ ਨੇ ਕੰਧ 'ਤੇ ਫਲੈਕਸ ਲਗਾਏ ਹਨ, ਤਾਂ ਜੋ ਪੁਲਿਸ ਉਨ੍ਹਾਂ ਦਾ ਵੀ ਮਾਮਲੇ 'ਚ ਨਾਂ ਲਿਆ ਸਕੇ।