Punjab News: ਪੰਜਾਬ ਦੇ ਤਰਨਤਾਰਨ 'ਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਤਰਨਤਾਰਨ ਦੇ ਪਿੰਡ ਕੰਗ 'ਚ ਇੱਕ ਘਰ 'ਚ ਕੁਝ ਅਣਪਛਾਤੇ ਵਿਅਕਤੀ ਵੜ ਗਏ ਅਤੇ ਗੁਰਸਿੱਖ ਔਰਤ ਦੀ ਤੇਜ਼ਧਾਰ ਹਥਿਆਰਾਂ ਨਾਲ ਬੇਰਹਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਹਿਚਾਣ 35 ਸਾਲਾ ਗੁਰਪ੍ਰੀਤ ਕੌਰ ਪਤਨੀ ਗੁਰਦਿਆਲ ਸਿੰਘ ਵਜੋਂ ਹੋਈ ਹੈ। ਹੱਤਿਆ ਵੇਲੇ ਘਰ 'ਚ ਗੁਰਪ੍ਰੀਤ ਕੌਰ ਦੀ ਕਰੀਬ ਡੇਢ ਸਾਲ ਦੀ ਨਿੱਕੀ ਬੱਚੀ ਵੀ ਮੌਜੂਦ ਸੀ।
40 ਹਜ਼ਾਰ ਦੀ ਨਕਦੀ ਵੀ ਲੁੱਟ ਕਰ ਹੋਏ ਫਰਾਰ
ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲੇ ਘਰ ਵਿੱਚੋਂ 40 ਹਜ਼ਾਰ ਦੀ ਨਕਦੀ ਵੀ ਲੁੱਟ ਕੇ ਲੈ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ, ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ।
ਗੁਰਦਿਆਲ ਸਿੰਘ ਵਾਸੀ ਪਿੰਡ ਕੰਗ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਿਜਲੀ ਬੋਰਡ ਤਰਨਤਾਰਨ ਵਿਖੇ ਡਿਊਟੀ ਕਰਦਾ ਹੈ। ਉਸ ਦਾ ਸੱਤ ਸਾਲ ਪਹਿਲਾਂ ਗੁਰਪ੍ਰੀਤ ਕੌਰ ਵਾਸੀ ਕਾਲੋਕੇ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਨਾਲ ਵਿਆਹ ਹੋਇਆ ਸੀ। ਉਸ ਦੇ ਦੋ ਬੱਚੇ ਵੱਡਾ ਲੜਕਾ ਅਗਮਪ੍ਰੀਤ ਸਿੰਘ ਅਤੇ ਲੜਕੀ ਸ਼ਬਦਪ੍ਰੀਤ ਕੌਰ ਉਮਰ ਕਰੀਬ ਡੇਢ ਸਾਲ ਹੈ। ਉਸ ਦੀ ਮਾਤਾ ਰਜਵੰਤ ਕੌਰ ਵੀ ਬਿਜਲੀ ਬੋਰਡ ਵਿਚ ਡਿਊਟੀ ਕਰਦੀ ਹੈ।
ਉਹ ਬੁੱਧਵਾਰ ਸਵੇਰੇ ਕਰੀਬ 8.50 ਵਜੇ ਡਿਊਟੀ ਲਈ ਤਰਨਤਾਰਨ ਗਿਆ ਅਤੇ ਉਸ ਦੀ ਮਾਤਾ ਵੀ ਨੌਸ਼ਹਿਰਾ ਪੰਨੂਆਂ ਡਿਊਟੀ ’ਤੇ ਚਲੀ ਗਈ। ਦੁਪਹਿਰੇ ਕਰੀਬ ਤਿੰਨ ਵਜੇ ਉਸ ਨੂੰ ਫੋਨ ਆਇਆ ਕਿ ਉਸ ਦੀ ਪਤਨੀ ਗੁਰਪ੍ਰੀਤ ਕੌਰ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਜਦੋਂ ਉਹ ਸਵਾ 3 ਵਜੇ ਘਰ ਆਇਆ ਤਾਂ ਵੇਖਿਆ ਉਸ ਦੀ ਪਤਨੀ ਖੂਨ ਨਾਲ ਲੱਥਪੱਥ ਲੌਬੀ ਵਿਚ ਪੌੜੀਆਂ ਦੇ ਕੋਲ ਪਈ ਸੀ ਜਦੋਂਕਿ ਕਮਰੇ ਵਿਚ ਪਈ ਅਲਮਾਰੀ ਖੁੱਲ੍ਹੀ ਹੋਈ ਸੀ ਤੇ ਸਾਮਾਨ ਖਿੱਲਰਿਆ ਪਿਆ ਸੀ ਜਿਸ ਵਿੱਚੋਂ ਕਰੀਬ 40 ਹਜ਼ਾਰ ਦੀ ਨਕਦੀ ਲੁੱਟੀ ਜਾ ਚੁੱਕੀ ਸੀ। ਉਹ ਗੁਰਪ੍ਰੀਤ ਕੌਰ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਾਤਲਾਂ ਦਾ ਜਲਦ ਪਤਾ ਲਗਾ ਲਿਆ ਜਾਵੇਗਾ।