ਤਿਰੂਵਨੰਤਪੁਰਮ: ਕੇਰਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੋਲਮ ਦੀ ਇੱਕ ਵਧੀਕ ਸੈਸ਼ਨ ਅਦਾਲਤ ਨੇ ਸੋਮਵਾਰ ਨੂੰ ਸਨਸਨੀਖੇਜ਼ ਉਥਰਾ ਕਤਲ ਕੇਸ ਵਿੱਚ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮੁਲਜ਼ਮ ਸੂਰਜ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਮ੍ਰਿਤਕ ਮਹਿਲਾ ਉਥਰਾ ਦੇ ਪਤੀ ਸੂਰਜ ਨੂੰ ਧਾਰਾ 302, 307, 328 ਤੇ 201 ਦੇ ਤਹਿਤ ਦੋਸ਼ੀ ਪਾਇਆ ਗਿਆ ਹੈ। ਅਦਾਲਤ ਸਜ਼ਾ ਦਾ ਐਲਾਨ ਬੁੱਧਵਾਰ ਨੂੰ ਕਰੇਗੀ। ਉਥਰਾ ਦੇ ਪਤੀ ਸੂਰਜ ਨੇ ਉਸ ਨੂੰ ਦੋ ਵਾਰ ਡੰਗ ਮਾਰਨ ਲਈ ਜ਼ਹਿਰੀਲੇ ਕੋਬਰਾ ਸੱਪ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਂਚ ਟੀਮ ਨੇ ਇਸ ਦੀ ਪੁਸ਼ਟੀ ਕਰਨ ਲਈ ਇੱਕ ਡਮੀ ਤੇ ਲਾਈਵ ਸੱਪ ਦੀ ਵਰਤੋਂ ਕਰਦਿਆਂ ਇੱਕ ਪ੍ਰਯੋਗ ਕੀਤਾ। 7 ਮਈ, 2020 ਨੂੰ, ਉਥਰਾ ਕੋਲਮ ਦੇ ਆਂਚਲ ਵਿੱਚ ਉਸ ਦੇ ਘਰ ਵਿੱਚ ਸੱਪ ਦੇ ਡੰਗਣ ਕਾਰਨ ਮ੍ਰਿਤਕ ਪਾਈ ਗਈ ਸੀ। ਪੁਲਿਸ ਜਾਂਚ ਦੇ ਅਨੁਸਾਰ, ਸੂਰਜ ਨੇ ਇਹ ਸੋਚ ਕੇ ਇਸ ਭਿਆਨਕ ਹੱਤਿਆ ਦੀ ਯੋਜਨਾ ਬਣਾਈ ਸੀ ਕਿ ਸੱਪ ਦੀ ਵਰਤੋਂ ਕਰਨ ਨਾਲ ਉਹ ਸ਼ੱਕ ਦੇ ਘੇਰੇ 'ਚ ਨਹੀਂ ਆਵੇਗਾ। ਜਾਂਚ ਵਿੱਚ ਇਹ ਪਤਾ ਲੱਗਾ ਹੈ ਕਿ ਉਸ ਨੇ ਵਿੱਤੀ ਲਾਭਾਂ ਲਈ ਉਥਰਾ ਨਾਲ ਵਿਆਹ ਕੀਤਾ ਸੀ ਤੇ ਬਾਅਦ ਵਿੱਚ ਅਪਰਾਧ ਦੇ ਇਰਾਦੇ ਨਾਲ ਕਤਲ ਕਰ ਦਿੱਤਾ। ਸੂਰਜ ਦੀ ਗ੍ਰਿਫਤਾਰੀ ਦੇ 82ਵੇਂ ਦਿਨ ਇਸ ਸਨਸਨੀਖੇਜ਼ ਕਤਲ ਕੇਸ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਤੇ ਹੁਣ ਪੁਲਿਸ ਜਾਂਚ ਨੇ 'ਕੋਬਰਾ ਕਤਲ' ਦੇ ਭੇਤ ਨੂੰ ਸੁਲਝਾ ਲਿਆ।

 

 

ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ