ਮੋਗਾ ਦੇ ਧਰਮਕੋਟ ਹਲਕੇ ਅਧੀਨ ਆਉਂਦੇ ਪਿੰਡ ਭਿੰਡਰ ਕਲਾਂ ਵਿੱਚ ਸ਼ਨੀਵਾਰ ਸਵੇਰੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਉਮਰਸੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਮਰਸੀਰ ਸਿੰਘ ਆਪਣੀ ਕਾਰ ਰਾਹੀਂ ਡਿਊਟੀ ‘ਤੇ ਜਾਣ ਲਈ ਘਰ ਤੋਂ ਨਿਕਲਿਆ ਸੀ। ਉਹ ਮੋਗਾ ਵਿੱਚ ਸਥਿਤ ਨੇਸਲੇ ਇੰਡੀਆ ਲਿਮਿਟੇਡ ਵਿੱਚ ਕੰਮ ਕਰਦਾ ਸੀ।
ਗਾਇਕ ਮੂਸੇਵਾਲਾ ਵਾਂਗ ਘੇਰ ਨੌਜਵਾਨ ਦਾ ਕੀਤਾ ਕਤਲ
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਉਹ ਘਰ ਤੋਂ ਕੁਝ ਹੀ ਦੂਰੀ ‘ਤੇ ਪਹੁੰਚਿਆ, ਪਿੰਡ ਵਿੱਚ ਹੀ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਹਮਲਾਵਰਾਂ ਵੱਲੋਂ ਕਰੀਬ 15 ਤੋਂ 20 ਰਾਊਂਡ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਮਰਸੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਚੋਣਾਂ ਦੀ ਰੰਜਿਸ਼ ਕਰਕੇ ਵਾਪਰੀ ਦਰਦਨਾਕ ਘਟਨਾ
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬਲਾਕ ਸੰਮਤੀ ਚੋਣਾਂ ਦੀ ਰੰਜਿਸ਼ ਕਾਰਨ ਉਮਰਸੀਰ ਸਿੰਘ ਦੀ ਹੱਤਿਆ ਕੀਤੀ ਗਈ ਹੈ। ਘਟਨਾ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪਰਿਵਾਰ ਵੱਲੋਂ ਇਸ ਸ਼ਖਸ਼ 'ਤੇ ਜਤਾਇਆ ਸ਼ੱਕ
ਮ੍ਰਿਤਕ ਦੇ ਭਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸਦੇ ਭਰਾ ‘ਤੇ ਸੁਚੱਜੇ ਢੰਗ ਨਾਲ ਯੋਜਨਾ ਬਣਾਕੇ ਹਮਲਾ ਕੀਤਾ ਗਿਆ। ਉਸਦਾ ਦਾਅਵਾ ਹੈ ਕਿ ਪਿੰਡ ਦੇ ਮੌਜੂਦਾ ਸਰਪੰਚ ਨੂੰ ਇਸ ਘਟਨਾ ਬਾਰੇ ਜਾਣਕਾਰੀ ਸੀ ਅਤੇ ਰਾਜਨੀਤਿਕ ਰੰਜਿਸ਼ ਦੇ ਚਲਦੇ ਹੀ ਉਸਦੇ ਭਰਾ ਦੀ ਹੱਤਿਆ ਕਰਵਾਈ ਗਈ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਇਹ ਹਮਲਾ ਦੇਖ ਲੋਕਾਂ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦਾ ਹੱਤਿਆ-ਕਾਂਡ ਯਾਦ ਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।