ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਵਿੱਚ ਬੀਤੇ ਦਿਨੀਂ ਇੱਕ ਖੇਤ ਦੀ ਮੋਟਰ ਤੋਂ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਇਹ ਮਾਮਲਾ ਸੁਲਝਾ ਲਿਆ ਹੈ। ਦਰਅਸਲ 'ਚ  ਮਾਂ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀ ਨਾਲ ਮਿਲ ਕੇ ਆਪਣੀ ਧੀ ਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ।  
 

ਜਾਣਕਾਰੀ ਮੁਤਾਬਕ ਸਦਰ ਥਾਣਾ ਬੁਢਲਾਡਾ 'ਚ ਦਰਜ ਬਿਆਨ ਅਨੁਸਾਰ ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਅਰਮਾਨ ਖਾਨ (20 ਸਾਲਾ) ਨੇੜਲੇ ਪਿੰਡ ਫਫੜੇ ਭਾਈਕੇ ਦੇ ਮੇਲੇ ਤੋਂ ਘਰ ਵਾਪਸ ਪਰਤਿਆ ਸੀ ਕਿ ਅਚਾਨਕ ਉਸਨੂੰ ਫੋਨ ਆ ਗਿਆ ਤੇ ਉਹ ਘਰੋਂ ਚਲਾ ਗਿਆ। ਜਿਸ ਤੋਂ ਬਾਅਦ ਗੁਰਨੇ ਕਲਾਂ ਦੇ ਖੇਤਾਂ 'ਚੋਂ ਮੋਟਰ ਕੋਲੋਂ ਉਸ ਦੀ ਲਾਸ਼ ਬਰਾਮਦ ਹੋਈ ਅਤੇ ਉਸਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਦੇ ਨਿਸ਼ਾਨ ਸਨ।

 

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸਦੇ ਪੁੱਤਰ ਅਰਮਾਨ ਖਾਨ ਅਤੇ ਸੁਮਨਦੀਪ ਕੌਰ ਦੇ ਪ੍ਰੇਮ ਸੰਬੰਧ ਸਨ, ਜੋ ਕਿ ਲੜਕੀ ਦੀ ਮਾਂ ਨੂੰ ਮਨਜ਼ੂਰ ਨਹੀਂ ਸਨ। ਉਨ੍ਹਾਂ ਨੇ ਇੱਕ-ਦੋ ਵਾਰ ਪਹਿਲਾਂ ਵੀ ਸਾਡੇ ਘਰ ਆ ਕੇ ਸਾਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਸਨ। ਉਸ ਨੇ ਅੱਗੇ ਦੋਸ਼ ਲਗਾਉਂਦਿਆਂ ਕਿਹਾ ਕਿ ਕੁੜੀ ਦੀ ਮਾਂ ਦੇ ਜੀਵਨ ਸਿੰਘ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ, ਜੋ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ, ਨੇ ਆਪਣੇ ਸਾਥੀ ਬਲਕਰਨ ਸਿੰਘ ਨਾਲ ਮਿਲ ਕੇ ਮੇਰੇ ਪੁੱਤ ਦਾ ਕਤਲ ਕੀਤਾ ਹੈ। 

 

ਪੁਲਿਸ ਨੇ ਦੱਸਿਆ ਕਿ 21 ਸਤੰਬਰ ਨੂੰ ਮ੍ਰਿਤਕ ਦੀ ਮਾਂ ਨੇ ਥਾਣਾ ਸਦਰ ਬੁਢਲਾਡਾ ਦੇ ਇੰਚਾਰਜ ਕੋਲ ਬਿਆਨ ਲਿਖਵਾਇਆ ਸੀ ਕਿ ਉਸ ਦੇ ਲੜਕੇ ਰਹਿਮਾਨ ਖ਼ਾਨ ਉਰਫ਼ ਅਰਮਾਨ ਖ਼ਾਨ (20) ਦਾ ਜੀਵਨ ਸਿੰਘ, ਬਲਕਰਨ ਸਿੰਘ ਅਤੇ ਅਮਨਦੀਪ ਕੌਰ ਨੇ ਕਤਲ ਕਰ ਦਿੱਤਾ ਹੈ।  ਜਿਸ ਮਗਰੋਂ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਵਿੱਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਨਦੀਪ ਕੌਰ ਆਪਣੀ ਧੀ ਨਾਲ ਸਬੰਧਾਂ ਕਾਰਨ ਰਹਿਮਾਨ ਖਾਨ ਨੂੰ ਮਾਰਨਾ ਚਾਹੁੰਦੀ ਸੀ। 


 

ਇਸ ਤੋਂ ਇਲਾਵਾ ਅਮਨਦੀਪ ਕੌਰ ਦਾ ਜੀਵਨ ਸਿੰਘ ਨਾਲ ਵੀ ਸਬੰਧ ਸੀ। ਉਹ ਆਪਣੇ ਪਤੀ ਦਾ ਚੋਰੀ ਕੀਤਾ ਮੋਬਾਈਲ ਕਤਲ ਵਾਲੀ ਥਾਂ 'ਤੇ ਸੁੱਟ ਕੇ ਉਸ ਨੂੰ ਇਸ ਮਾਮਲੇ 'ਚ ਫਸਾਉਣਾ ਚਾਹੁੰਦੀ ਸੀ। ਐੱਸ.ਐੱਚ.ਓ. ਸਦਰ ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨ 'ਤੇ ਇੱਕ ਔਰਤ ਸਮੇਤ 3 ਵਿਅਕਤੀਆਂ ਖਿਲਾਫ ਧਾਰਾ 302 , 120 ਬੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਪੋਸ਼ਟਮਾਰਟਮ ਲਈ ਸਰਕਾਰੀ ਹਸਤਪਾਲ ਬੁਢਲਾਡਾ ਵਿਖੇ ਭੇਜ ਦਿੱਤੀ ਗਈ ਹੈ।