Murder in Sonipat: ਪੰਚਾਇਤੀ ਚੋਣਾਂ ਦੌਰਾਨ ਰੰਜਿਸ਼ ਕਰਕੇ ਸੋਨੀਪਤ ਦੇ ਪਿੰਡ ਛੀਡਾਨਾ ਦੇ ਸਰਪੰਚ ਰਾਜੇਸ਼ ਦਾ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲਾਂ ਨੇ ਇਸ ਕਤਲ ਦੀ ਪੋਸਟ ਸੋਸ਼ਲ ਮੀਡੀਆ 'ਤੇ ਪਾ ਕੇ ਸਨਸਨੀ ਮਚਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਸੋਨੀਪਤ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਖਾਨਪੁਰ ਪੀਜੀਆਈ ਭੇਜ ਦਿੱਤਾ ਹੈ। ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਕਾਤਲਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।



ਦੱਸ ਦਈਏ ਕਈ ਸੋਨੀਪਤ ਦੇ ਪਿੰਡ ਛੀਡਾਨਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਦੋ ਪਰਿਵਾਰਾਂ ਵਿਚਾਲੇ ਰੰਜਿਸ਼ ਚੱਲ ਰਹੀ ਹੈ। ਜਦੋਂ ਹਰਿਆਣਾ 'ਚ ਪੰਚਾਇਤੀ ਚੋਣਾਂ ਹੋ ਰਹੀਆਂ ਸਨ ਤਾਂ ਸਰਪੰਚੀ ਦੇ ਉਮੀਦਵਾਰ ਦਲਵੀਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ ਫਿਰ ਪਿੰਡ ਦੇ ਸਰਪੰਚ ਰਾਜੇਸ਼ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।


ਦੱਸਿਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਕਾਤਲਾਂ ਨੇ ਪਿੰਡ ਵਿੱਚ ਕਈ ਰਾਉਂਡ ਫਾਇਰ ਵੀ ਕੀਤੇ। ਮ੍ਰਿਤਕ ਸਰਪੰਚ ਦੇ ਭਰਾ ਮਨੋਜ ਕੁਮਾਰ ਨੇ ਦੱਸਿਆ ਕਿ ਕਾਤਲਾਂ ਨੇ ਪਿੰਡ 'ਚ ਕਈ ਰਾਉਂਡ ਫਾਇਰ ਕੀਤੇ। ਕਾਤਲ ਧਮਕੀ ਦੇ ਕੇ ਗਏ ਹਨ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਹੈ। ਮਨੋਜ ਨੇ ਦੱਸਿਆ ਕਿ ਜਿਨ੍ਹਾਂ ਨੇ ਮੇਰੇ ਭਰਾ ਦਾ ਕਤਲ ਕੀਤਾ ਹੈ, ਉਹ ਪਿੰਡ ਦੇ ਹੀ ਵਸਨੀਕ ਹਨ ਤੇ ਕਤਲ ਕਰਨ ਵਾਲੇ ਬਦਮਾਸ਼ਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਪਾਈ ਹੈ।


ਉਸ ਨੇ ਦੱਸਿਆ ਕਿ ਖੇਤਾਂ 'ਚ ਜਾਂਦੇ ਸਮੇਂ ਉਸ ਦੇ ਭਰਾ ਦਾ ਕਤਲ ਕੀਤਾ ਗਿਆ ਹੈ। ਇਸ ਘਟਨਾ ਨੂੰ ਸਰਪੰਚੀ ਦੇ ਉਮੀਦਵਾਰ ਰਹੇ ਦਲਵੀਰ ਦੇ ਲੜਕੇ ਤੇ ਉਸ ਦੇ ਸਾਥੀਆਂ ਨੇ ਅੰਜਾਮ ਦਿੱਤਾ ਹੈ। ਦਲਵੀਰ ਕਤਲ ਕੇਸ ਵਿੱਚ ਇਸ ਪਰਿਵਾਰ ਨੇ ਮੇਰੇ ਤੇ ਮੇਰੇ ਭਰਾ ਖਿਲਾਫ ਕਤਲ ਦਾ ਕੇਸ ਦਰਜ ਕਰਵਾਇਆ ਸੀ ਪਰ ਪੁਲਿਸ ਜਾਂਚ ਵਿੱਚ ਅਸੀਂ ਬੇਕਸੂਰ ਪਾਏ ਗਏ।


ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀਪੀਸੀ ਗੋਹਾਣਾ ਭਾਰਤੀ ਡਾਬਾਸ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਰਾਜੇਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਕਤਲ ਦਾ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੰਚਾਇਤੀ ਚੋਣਾਂ ਦੌਰਾਨ ਇਸ ਪਿੰਡ 'ਚ ਕਤਲ ਦੀ ਘਟਨਾ ਵਾਪਰੀ ਸੀ। ਇਸ ਨੂੰ ਉਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਗਈ ਹੈ, ਅਸੀਂ ਇਸ ਦੀ ਵੀ ਜਾਂਚ ਕਰ ਰਹੇ ਹਾਂ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।