Ludhiana News: ਲੁਧਿਆਣਾ ਵਿੱਚ ਨਿਹੰਗ ਸਿੰਘਾਂ ਵੱਲੋਂ ਸੈਨਾ ਲੀਡਰ ਉਪਰ ਹਮਲਾ ਕਰ ਦਿੱਤਾ ਹੈ। ਸ਼ੁੱਕਰਵਾਰ ਦੁਪਹਿਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਸ਼ਿਵ ਸੈਨਾ ਆਗੂ ਤੇ ਸੁਖਦੇਵ ਥਾਪਰ ਦੇ ਵੰਸ਼ਜ ਸੰਦੀਪ ਥਾਪਰ 'ਤੇ ਤਿੰਨ ਨਿਹੰਗਾਂ ਨੇ ਹਮਲਾ ਕਰ ਦਿੱਤਾ। ਨਿਹੰਗਾਂ ਨੇ ਸੜਕ ਦੇ ਵਿਚਕਾਰ ਸ਼ਿਵ ਸੈਨਾ ਲੀਡਰ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਸਮੇਂ ਸੰਦੀਪ ਥਾਪਰ ਦੇ ਨਾਲ ਗੰਨਮੈਨ ਮੌਜੂਦ ਸੀ। ਉਸ ਕੋਲ ਰਿਵਾਲਵਰ (revolver) ਵੀ ਸੀ, ਪਰ ਨਿਹੰਗਾਂ ਨੇ ਉਸ ਤੋਂ ਰਿਵਾਲਰ ਖੋਹ ਲਿਆ।
ਹਮਲੇ ਤੋਂ ਬਾਅਦ ਨਿਹੰਗ ਸ਼ਿਵ ਸੈਨਾ ਲੀਡਰ ਦਾ ਸਕੂਟਰ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਸੰਦੀਪ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸੀਐਮਸੀ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਹਿੰਦੂ ਆਗੂਆਂ ਨੇ ਗੁੱਸੇ ਵਿੱਚ ਆ ਕੇ ਸੜਕ ਜਾਮ ਕਰ ਦਿੱਤੀ। ਇਸ ਦੇ ਮੱਦੇਨਜ਼ਰ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।
ਦੂਜੇ ਪਾਸੇ ਡੀਸੀਪੀ ਜਸਕਰਨ ਸਿੰਘ ਤੇਜਾ ਤੁਰੰਤ ਸੰਦੀਪ ਥਾਪਰ ਨੂੰ ਮਿਲਣ ਹਸਪਤਾਲ ਪੁੱਜੇ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ। ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
ਸੰਦੀਪ ਥਾਪਰ ਨੇ ਦੱਸਿਆ ਕਿ ਉਹ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਗੰਨਮੈਨ ਨਾਲ ਘਰ ਪਰਤ ਰਿਹਾ ਸੀ। ਸਿਵਲ ਹਸਪਤਾਲ ਨੇੜੇ ਤਿੰਨ ਨਿਹੰਗਾਂ ਨੇ ਆ ਕੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਉਸ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਨ੍ਹਾਂ ਦੇ ਗੰਨਮੈਨ ਦਾ ਰਿਵਾਲਵਰ ਵੀ ਖੋਹ ਲਿਆ।
ਸੰਦੀਪ ਥਾਪਰ ਨੇ ਦੱਸਿਆ ਕਿ ਉਸ ਨੂੰ ਕਈ ਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਫੋਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਉਸ ਨੇ ਪੁਲਿਸ ਨੂੰ ਕਈ ਵਾਰ ਦੱਸਿਆ ਪਰ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਅੱਜ ਉਸ ’ਤੇ ਹਮਲਾ ਹੋ ਗਿਆ। ਇਸ ਘਟਨਾ ਤੋਂ ਬਾਅਦ ਹਿੰਦੂ ਆਗੂਆਂ ਨੇ ਸੜਕ ਜਾਮ ਕਰ ਕੇ ਧਰਨਾ ਦਿੱਤਾ ਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮੌਕੇ ’ਤੇ ਪੁੱਜੇ ਸ਼ਿਵ ਸੈਨਾ ਆਗੂ ਭਾਨੂ ਪ੍ਰਤਾਪ ਤੇ ਅਮਿਤ ਕੌਂਡਲ ਨੇ ਦੱਸਿਆ ਕਿ ਸੰਦੀਪ ਥਾਪਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਪੁਲਿਸ ਸਭ ਕੁਝ ਜਾਣਦਿਆਂ ਹੋਇਆਂ ਵੀ ਕੁਝ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਗੁੰਡਾਗਰਦੀ ਫੈਲ ਚੁੱਕੀ ਹੈ ਤੇ ਪੁਲਿਸ ਇਸ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ।