Patiala Murder: ਪਟਿਆਲਾ ਦੇ ਥਾਣਾ ਘਲੌਰੀ ਗੇਟ ਦੇ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਤਾਏ ਦੇ ਫੁੱਲ ਚੁਗਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 29 ਸਾਲਾ ਨਵਨੀਤ ਸਿੰਘ ਵਾਸੀ ਸਨੌਰੀ ਅੱਡਾ ਵਜੋਂ ਹੋਈ ਹੈ।


ਹੋਰ ਪੜ੍ਹੋ : Moga Accident: ਧਰਮਕੋਟ 'ਚ ਬੇਕਾਬੂ ਰੋਡਵੇਜ਼ ਦੀ ਬੱਸ ਟਕਰਾਈ ਪਿਕਅੱਪ ਟਰੱਕ ਨਾਲ, ਕਈ ਫੁੱਟ ਥੱਲੇ ਡਿੱਗੀ, ਵੱਡੀ ਗਿਣਤੀ 'ਚ ਯਾਤਰੀ ਹੋਏ ਜ਼ਖਮੀ


ਪੁਲਿਸ ਅਨੁਸਾਰ ਸ਼ੁੱਕਰਵਾਰ ਸਵੇਰੇ ਨਵਨੀਤ ਸਿੰਘ ਆਪਣੇ ਤਾਏ ਦੇ ਫੁੱਲ ਚੁੱਗਣ ਲਈ ਘਲੌਦੀ ਗੇਟ ਨੇੜੇ ਸ਼ਮਸ਼ਾਨਘਾਟ ਗਿਆ ਸੀ। ਉੱਥੇ ਪਹਿਲਾਂ ਤੋਂ ਹੀ ਦੋ ਲੋਕ ਬੈਠੇ ਸਨ, ਜੋ ਗਰਮ ਲੋਈ ਦੇ ਨਾਲ ਆਪਣੇ ਆਪ ਨੂੰ ਲਪੇਟ ਰੱਖਿਆ ਸੀ ਅਤੇ ਆਪਣੀ ਪਛਾਣ ਛੁਪਾਉਣ ਲਈ ਬਾਂਦਰ ਕੈਪ ਪਹਿਨੇ ਹੋਏ ਸਨ।



ਚਸ਼ਮਦੀਦਾਂ ਮੁਤਾਬਕ ਮੁਲਜ਼ਮਾਂ ਨੇ ਨਵਨੀਤ ਸਿੰਘ 'ਤੇ ਸ਼ਮਸ਼ਾਨਘਾਟ 'ਚ ਪਿੱਛਿਓਂ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿੱਚੋਂ ਇੱਕ ਗੋਲੀ ਨਵਨੀਤ ਸਿੰਘ ਦੇ ਸਿਰ ਵਿੱਚ ਲੱਗੀ ਅਤੇ ਇੱਕ ਉਸ ਦੀ ਖੱਬੀ ਲੱਤ ਵਿੱਚ ਲੱਗੀ। ਬੁਰੀ ਤਰ੍ਹਾਂ ਜ਼ਖਮੀ ਹੋਏ ਨਵਨੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਅਨੁਸਾਰ ਨਵਨੀਤ ਸਿੰਘ ਨੇ 315 ਬੋਰ ਦੇ ਪਿਸਤੌਲ ਨਾਲ ਗੋਲੀ ਚਲਾਈ।


ਘਟਨਾ ਤੋਂ ਬਾਅਦ ਦੋਸ਼ੀ ਸਫੇਦ ਰੰਗ ਦੀ ਕਾਰ 'ਚ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਥਾਣਾ ਕੋਤਵਾਲੀ ਦੀ ਪੁਲਿਸ ਅਤੇ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ। ਪੁਲਿਸ ਨੂੰ ਇਸ ਤੋਂ ਵੀ ਅਹਿਮ ਸੁਰਾਗ ਮਿਲੇ ਹਨ।


ਐਸਪੀ (ਡੀ) ਯੋਗੇਸ਼ ਸ਼ਰਮਾ ਅਨੁਸਾਰ ਕਤਲ ਹੋਏ ਨਵਨੀਤ ਸਿੰਘ ਨੂੰ ਪਟਿਆਲਾ ਵਾਸੀ ਹਰਦੀਪ ਸਿੰਘ ਟਿਵਾਣਾ ਨੇ ਗੋਦ ਲਿਆ ਸੀ। ਇਲਜ਼ਾਮ ਹਨ ਕਿ ਨਵਨੀਤ ਸਿੰਘ ਨੇ ਮਰਹੂਮ ਹਰਦੀਪ ਸਿੰਘ ਟਿਵਾਣਾ ਦੀ ਵਸੀਅਤ ਵਿੱਚ ਗਲਤ ਤਰੀਕੇ ਨਾਲ ਇੱਕ ਹੋਟਲ ਦਾ ਨਾਂ ਆਪਣੇ ਨਾਂ ’ਤੇ ਰੱਖਿਆ ਸੀ। ਇਹ ਹੋਟਲ ਹਿਮਾਚਲ ਪ੍ਰਦੇਸ਼ ਵਿੱਚ ਕਸੌਲੀ ਦੇ ਕੋਲ ਧਰਮਪੁਰ ਵਿੱਚ ਹੈ। ਇਸ ਸਬੰਧੀ ਨਵਨੀਤ ਸਿੰਘ ਦੇ ਰਿਸ਼ਤੇਦਾਰ ਉਸ ਨਾਲ ਰੰਜਿਸ਼ ਰੱਖਦੇ ਸਨ। ਇਸੇ ਰੰਜਿਸ਼ ਕਾਰਨ ਰਿਸ਼ਤੇਦਾਰਾਂ ਨੇ ਸ਼ਮਸ਼ਾਨਘਾਟ ਵਿੱਚ ਗੋਲੀਆਂ ਚਲਾ ਕੇ ਨਵਨੀਤ ਸਿੰਘ ਦਾ ਕਤਲ ਕਰ ਦਿੱਤਾ।



ਇਸ ਕਤਲ ਕਾਂਡ ਨੂੰ ਪੂਰੀ ਵਿਉਂਤਬੰਦੀ ਨਾਲ ਅੰਜਾਮ ਦਿੱਤਾ ਗਿਆ ਸੀ ਪਰ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਇਸ ਕਤਲ ਕਾਂਡ ਦਾ ਭੇਤ ਸੁਲਝਾ ਲਿਆ ਅਤੇ ਮੁਲਜ਼ਮਾਂ ਦੀ ਪਛਾਣ ਕਰ ਲਈ। ਥਾਣਾ ਸਦਰ ਦੇ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਮਿੱਠੂ ਨਾਂ ਦਾ ਵਿਅਕਤੀ ਵੀ ਸ਼ਾਮਲ ਹੈ, ਜੋ ਰਿਸ਼ਤੇਦਾਰੀ ਵਿੱਚ ਮਰਨ ਵਾਲੇ ਨਵਨੀਤ ਸਿੰਘ ਦਾ ਚਾਚਾ ਲੱਗਦਾ ਹੈ। ਦੂਜਾ ਮੁਲਜ਼ਮ ਵੀ ਰਿਸ਼ਤੇਦਾਰ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਮੁਲਜ਼ਮਾਂ ਦੀ ਭਾਲ ਜਾਰੀ ਹੈ। ਦੋਵਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।