ਮੋਗਾ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੋਈ ਇੱਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੋਗਾ ਦੇ ਥਾਣਾ ਮੇਹਣਾ ਅਧੀਨ ਇੱਕ ਪਿੰਡ ਦੀ 14 ਸਾਲ ਦੀ ਨਾਬਾਲਿਗ ਲੜਕੀ ਨੂੰ ਉਸ ਦੇ ਮਤਰੇਏ ਪਿਤਾ ਨੇ ਤਕਰੀਬਨ 3 ਸਾਲ ਤੱਕ ਜਬਰ-ਜਨਾਹ ਦਾ ਸ਼ਿਕਾਰ ਬਣਾਇਆ। ਇਸ ਘਟਨਾ ਨੇ ਮਨੁੱਖੀ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਤਰੇਏ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

 

ਪ੍ਰਾਪਤ ਜਾਣਕਾਰੀ ਅਨੁਸਾਰ, ਕਥਿਤ ਦੋਸ਼ੀ ਦਾ ਵਿਆਹ ਲਗਭਗ 13-14 ਸਾਲ ਪਹਿਲਾਂ ਦੂਜੀ ਵਾਰ ਹੋਇਆ ਸੀ, ਅਤੇ ਉਸ ਦੀ ਪਤਨੀ ਆਪਣੇ ਨਾਲ ਇੱਕ ਬੇਟੀ ਵੀ ਲਿਆਈ ਸੀ, ਜੋ ਹੁਣ 15 ਸਾਲ ਦੀ ਹੈ ਅਤੇ 10ਵੀਂ ਜਮਾਤ ਵਿੱਚ ਪੜ੍ਹਦੀ ਹੈ। ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਦੂਜਾ ਪਿਓ ਪਿਛਲੇ 3 ਸਾਲਾਂ ਤੋਂ ਲਗਾਤਾਰ ਉਸ ਨਾਲ ਜਬਰ-ਜਨਾਹ ਕਰ ਰਿਹਾ ਸੀ। ਇਸ ਸਬੰਧ ਵਿੱਚ ਉਸ ਨੇ ਹੈਲਪਲਾਈਨ ਨੰਬਰ 112 'ਤੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਜਿਸ ‘ਤੇ ਇਲਜ਼ਾਮ ਦੇ ਖਿਲਾਫ ਧਾਰਾ 64(2)F, 64(2)M, 351 BNS ਅਤੇ POCSO ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੀੜਤ ਲੜਕੀ ਨੇ ਦੱਸਿਆ ਕਿ ਜਦੋਂ ਵੀ ਉਸ ਨੇ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ, ਉਸ ਦਾ ਮਤਰੇਏ ਪਿਓ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ, ਜਿਸ ਕਾਰਨ ਉਸ ਨੇ ਇਸ ਬਾਰੇ ਆਪਣੀ ਮਾਂ ਨੂੰ ਵੀ ਦੱਸਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਦੇ ਨਾਲ-ਨਾਲ ਪੀੜਤ ਲੜਕੀ ਦਾ ਮੈਡੀਕਲ ਜਾਂਚ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਬਾਅਦ ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਦੋਂ ਦੋਸ਼ੀ ਮਤਰੇਏ ਪਿਤਾ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਉਂਦਾ ਗਿਆ ਤਾਂ ਲੜਕੀ ਦੀ ਮਾਂ ਅਤੇ ਪਿੰਡ ਵਾਸੀਆਂ ਨੇ ਹਸਪਤਾਲ ਵਿੱਚ ਉਸਦੀ ਕੁੱਟਮਾਰ ਕੀਤੀ।