Firing in Mohali: ਮੁਹਾਲੀ 'ਚ ਫਿਰ ਫਾਇਰਿੰਗ ਹੋਈ ਹੈ। ਮੁਹਾਲੀ ਦੇ ਸੈਕਟਰ-82 ਦੀ ਫਾਲਕਨ ਵਿਊ ਸੁਸਾਇਟੀ ਵਿੱਚ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈ। ਇਨ੍ਹਾਂ ਵੱਲੋਂ ਹਵਾ ਵਿੱਚ ਕਈ ਫਾਇਰ ਕੀਤੇ ਗਏ ਹਨ। ਇਹ ਘਟਨਾ ਸਵੇਰੇ 5.30 ਵਜੇ ਦੇ ਕਰੀਬ ਦੀ ਹੈ। ਇਸ ਮਗਰੋਂ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਗਈ ਹੈ। 


ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਫਾਇਰਿੰਗ ਬਾਰੇ ਜਾਂਚ ਕਰ ਰਹੀ ਹੈ। ਫਿਲਹਾਲ ਇਸ ਫਾਇਰਿੰਗ ਵਿੱਚ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਿਸ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਫਾਇਰਿੰਗ ਕਿਸ ਨੇ ਕੀਤੀ ਤੇ ਕਿਉਂ ਕੀਤੀ।


ਦੱਸ ਦਈਏ ਕਿ ਮੁਹਾਲੀ ਬਲਾਸਟ ਮਾਮਲੇ ਤੋਂ ਬਾਅਦ ਪੁਲਿਸ ਚੌਕਸ ਹੈ। ਇਸ ਦੇ ਬਾਵਜੂਦ ਫਾਇਰਿੰਗ ਦੀ ਘਟਨਾ ਨੇ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ। ਇਹ ਵੀ ਅਹਿਮ ਹੈ ਕਿ ਇਹ ਵਾਰਦਾਤ ਵੀ ਸੋਹਾਣਾ ਥਾਣੇ ਅਧੀਨ ਖੇਤਰ ਵਿੱਚ ਵਾਪਰੀ ਹੈ। ਇਸ ਥਾਣੇ ਵਿੱਚ ਹੀ ਮੁਹਾਲੀ ਬਲਾਸਟ ਦਾ ਕੇਸ ਵੀ ਦਰਜ ਹੈ।


ਸੋਮਵਾਰ ਰਾਤ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਇਆ ਸੀ ਰਾਕੇਟ ਹਮਲਾ


ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਰਾਤ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਰਾਕੇਟ ਹਮਲਾ ਹੋਇਆ ਸੀ। ਸ਼ੱਕ ਹੈ ਕਿ ਇਸ ਹਮਲੇ ਨਾਲ ਪੂਰੀ ਇਮਾਰਤ ਉਡਾਉਣ ਤੇ ਰਿਕਾਰਡ ਨਸ਼ਟ ਕਰਨ ਦੀ ਸਾਜ਼ਿਸ਼ ਸੀ। ਹਾਲਾਂਕਿ, ਗ੍ਰਨੇਡ ਖਿੜਕੀ ਰਾਹੀਂ ਅੰਦਰ ਜਾਣ ਦੀ ਬਜਾਏ ਕੰਧ ਨਾਲ ਟਕਰਾ ਗਿਆ। ਇਸ ਕਾਰਨ ਇਮਾਰਤ ਦੇ ਸ਼ੀਸ਼ੇ ਹੀ ਟੁੱਟ ਗਏ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਦਾ ਇਹੀ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦ ਸਾਜਿਸ਼ ਦਾ ਖੁਲਾਸਾ ਕੀਤੀ ਜਾਵੇਗਾ।


ਉਧਰ, ਮੁਹਾਲੀ 'ਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਹਮਲੇ ਨੂੰ ਤਿੰਨ ਦਿਨ ਪੂਰੇ ਹੋ ਚੱਲੇ ਹਨ ਪਰ ਅਜੇ ਤੱਕ ਹਮਲਾਵਰਾਂ ਤੇ ਸਾਜ਼ਿਸ਼ ਬੇਨਕਾਬ ਨਹੀਂ ਹੋ ਸਕੀ। ਇਸ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਡੀਜੀਪੀ ਵੀਕੇ ਭਵਰਾ ਨੇ ਕਿਹਾ ਸੀ ਕਿ ਵੱਡੀ ਲੀਡ ਮਿਲੀ ਹੈ ਇਸ ਮਾਮਲੇ ਨੂੰ ਜਲਦ ਹੱਲ ਕੀਤਾ ਜਾਵੇਗਾ ਤੇ ਦੋਸ਼ੀ ਸਭ ਦੇ ਸਾਹਮਣੇ ਹੋਣਗੇ। ਇਸ ਦੇ ਨਾਲ ਹੀ ਹਮਲੇ ਤੋਂ ਅਗਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਸ਼ਾਮ ਤੱਕ ਸਭ ਕੁਝ ਸਾਹਮਣੇ ਆ ਜਾਵੇਗਾ।