Medical Store Owner Shot Dead: ਡੇਰਾ ਬਾਬਾ ਨਾਨਕ ਤੋਂ ਦਿਲ ਦਹਿਲਾਉਣ ਵਾਲੀ ਖਬਰ ਆ ਰਹੀ ਹੈ। ਜਿੱਥੇ ਅੱਜ ਯਾਨੀਕਿ 28 ਜਨਵਰੀ ਦੀ ਸਵੇਰ ਇੱਕ ਮੈਡੀਕਲ ਸਟੋਰ ਮਾਲਕ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਰਣਦੀਪ ਸਿੰਘ ਬੇਦੀ, ਨਿਵਾਸੀ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ। ਅਣਪਛਾਤਿਆਂ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। ਪੁਲਿਸ ਮੌਕੇ ਉੱਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ।

ਬਟਾਲਾ ਦੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਬੁੱਧਵਾਰ ਸਵੇਰੇ ਕਰੀਬ 9 ਵਜੇ ਨਕਾਬਪੋਸ਼ ਹਮਲਾਵਰਾਂ ਨੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਗੋਲੀਆਂ ਮਾਰੀ। ਜ਼ਖ਼ਮੀ ਮੈਡੀਕਲ ਸਟੋਰ ਦੇ ਮਾਲਕ ਨੂੰ ਅੰਮ੍ਰਿਤਸਰ ਭੇਜਿਆ ਗਿਆ ਪਰ ਰਸਤੇ ਵਿੱਚ ਹੀ ਸਾਹ ਮੁੱਕ ਗਏ।

ਪੁਲਿਸ ਖੰਗਾਲ ਰਹੀ CCTV

ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਉਸ ਤੋਂ ਬਾਅਦ ਹਮਲਾਵਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਸ ਲਈ ਆਸ-ਪਾਸ ਦੇ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ। ਪੁਲਿਸ ਇਸ ਮਾਮਲੇ ਨੂੰ ਫਿਰੌਤੀ ਦੇ ਐਂਗਲ ਤੋਂ ਵੀ ਵੇਖ ਰਹੀ ਹੈ।

ਜਾਣਕਾਰੀ ਮੁਤਾਬਕ, ਡੇਰਾ ਬਾਬਾ ਨਾਨਕ ਵਿੱਚ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਬੀਰ ਸਿੰਘ ਬੇਦੀ ਸਵੇਰੇ ਲਗਭਗ 8 ਵਜੇ ਆਪਣਾ ਮੈਡੀਕਲ ਸਟੋਰ ਖੋਲ੍ਹ ਰਿਹਾ ਸੀ। ਇਸ ਸਮੇਂ ਅਣਜਾਣੇ ਹਮਲਾਵਰਾਂ ਨੇ ਉਸ ਉੱਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ।

ਰਣਬੀਰ ਸਿੰਘ ਬੇਦੀ ਦੇ ਸਿਰ ‘ਚ ਗੋਲੀਆਂ ਲੱਗਣ ਕਾਰਨ ਉਹ ਗੰਭੀਰ ਢੰਗ ਨਾਲ ਜ਼ਖਮੀ ਹੋ ਗਏ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਸਥਿਤੀ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ, ਜਿੱਥੇ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ।

 

 

ਗੈਂਗਸਟਰ ਜੀਵਨ ਫੌਜੀ ਨੇ ਲਈ ਜ਼ਿੰਮੇਵਾਰੀ

ਮੈਡੀਕਲ ਸਟੋਰ ਮਾਲਕ ਦੀ ਹੱਤਿਆ ਦੀ ਜ਼ਿੰਮੇਵਾਰੀ ਗੈਂਗਸਟਰ ਜੀਵਨ ਫੌਜੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਈ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਅੱਜ ਡੇਰਾ ਬਾਬਾ ਨਾਨਕ ਵਿੱਚ ਡਾਕਟਰ ਬੇਦੀ ਦਾ ਕਤਲ ਹੋਇਆ ਹੈ ਅਤੇ ਇਸ ਦੀ ਜ਼ਿੰਮੇਵਾਰੀ ਮੈਂ, ਜੀਵਨ ਫੌਜੀ, ਲੈਂਦਾ ਹਾਂ। ਗੈਂਗਸਟਰ ਨੇ ਦਾਅਵਾ ਕੀਤਾ ਹੈ ਕਿ ਇਸ ਵਿਅਕਤੀ ਦੀ ਵਜ੍ਹਾ ਨਾਲ ਉਸਦੇ ਵੱਡੇ ਦੋਸਤਾਂ ਦੇ ਘਰ ਬਰਬਾਦ ਹੋਏ ਅਤੇ ਉਨ੍ਹਾਂ ਨੂੰ ਨਾਜਾਇਜ਼ ਤੌਰ ‘ਤੇ ਜੇਲ੍ਹ ਕੱਟਣੀ ਪਈ।

ਜਿਨ੍ਹਾਂ ਨੂੰ ਕੀਤੇ ਫੋਨ, ਉਨ੍ਹਾਂ ਨੂੰ ਦਿੱਤੀ ਚੇਤਾਵਨੀ

ਗੈਂਗਸਟਰ ਨੇ ਇਹ ਵੀ ਲਿਖਿਆ ਕਿ ਉਸਨੇ ਇਸ ਵਿਅਕਤੀ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਸਦਾ ਕੋਈ ਕਸੂਰ ਨਹੀਂ ਹੈ, ਜੋ ਕੁਝ ਹੋਇਆ ਹੈ ਉਸਦੀ ਜ਼ਿੰਮੇਵਾਰੀ ਉਹ ਖੁਦ ਲੈਂਦਾ ਹੈ ਅਤੇ ਉਸਦੇ ਦੋਸਤਾਂ ਨੂੰ ਕੇਸਾਂ ਤੋਂ ਬਾਹਰ ਕਢਵਾਇਆ ਜਾਵੇ। ਪਰ ਉਸਦੀ ਗੱਲ ਨਾ ਸੁਣੀ ਗਈ। ਇਸ ਲਈ ਉਸਨੇ ਕਿਹਾ ਕਿ “ਸੌਦਾ ਲਗਾਉਣਾ ਬਣਦਾ ਸੀ।” ਨਾਲ ਹੀ ਗੈਂਗਸਟਰ ਨੇ ਧਮਕੀ ਦਿੰਦਿਆਂ ਲਿਖਿਆ ਕਿ ਜਿਨ੍ਹਾਂ ਲੋਕਾਂ ਨੂੰ ਉਸਨੇ ਫੋਨ ਕੀਤੇ ਹਨ, ਉਹ ਵੀ ਤਿਆਰ ਰਹਿਣ। ਇਸ ਵਾਇਰਲ ਹੋ ਰਹੀ ਪੋਸਟ ਦੀ ਏਬੀਪੀ ਸਾਂਝਾ ਪੁਸ਼ਟੀ ਨਹੀਂ ਕਰਦਾ ਹੈ।

ਪਹਿਲਾਂ ਵੀ ਫਿਰੌਤੀ ਨੂੰ ਲੈ ਕੇ ਫਾਇਰਿੰਗ ਹੋ ਚੁੱਕੀ

ਪੁਲਿਸ ਸੂਤਰਾਂ ਦੇ ਅਨੁਸਾਰ, ਰਣਬੀਰ ਸਿੰਘ ਬੇਦੀ ਨੂੰ ਪਹਿਲਾਂ ਵੀ ਜਾਨ ਮਾਰਨ ਦੀ ਧਮਕੀ ਮਿਲ ਚੁੱਕੀ ਸੀ। ਕੁਝ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਉੱਤੇ ਰੰਗਦਾਰੀ ਨੂੰ ਲੈ ਕੇ ਫਾਇਰਿੰਗ ਹੋਈ ਸੀ। ਉਨ੍ਹਾਂ ਦੇ ਮੈਡੀਕਲ ਸਟੋਰ ‘ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਹਮਲੇ ਹੋ ਚੁੱਕੇ ਹਨ। ਪਿਛਲੇ ਸਾਲ 23 ਅਕਤੂਬਰ ਨੂੰ ਵੀ ਇਸੇ ਸਟੋਰ ‘ਤੇ ਨਕਾਬਪੋਸ਼ ਹਮਲਾਵਰਾਂ ਨੇ ਫਾਇਰਿੰਗ ਕੀਤੀ ਸੀ।