ਜਲੰਧਰ: ਪੰਜਾਬ 'ਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਦਿਨ-ਬ-ਦਿਨ ਵੱਧਦਾ ਨਜ਼ਰ ਆ ਰਿਹਾ ਹੈ। ਆਏ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਕੈਂਟ ਦੇ ਦੀਪ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਲੁਟੇਰੇ ਇੱਕ ਨੌਜਵਾਨ ਨੂੰ ਬੰਧਕ ਬਣਾ ਕੇ ਲੱਖਾਂ ਦਾ ਸੋਨਾ ਲੈ ਕੇ ਫਰਾਰ ਹੋ ਗਏ 


ਦੱਸਿਆ ਜਾ ਰਿਹਾ ਹੈ ਕਿ ਹੈਲਮੇਟ ਪਹਿਨੇ ਇਹ ਲੁਟੇਰੇ ਦਿਨ ਦਿਹਾੜੇ ਇਕ ਘਰ 'ਚ ਦਾਖਲ ਹੋਏ ਅਤੇ ਨੌਜਵਾਨ ਦੇ ਹੱਥ-ਪੈਰ ਬੰਨ੍ਹ ਕੇ ਕਰੀਬ 11 ਲੱਖ ਦਾ ਸੋਨਾ ਲੈ ਕੇ ਰਫੂ ਚੱਕਰ ਹੋ ਗਏ।


ਪੀੜਤ ਜਗਰਾਤ ਨੇ ਦੱਸਿਆ ਕਿ ਉਹ ਸਵੇਰੇ ਘਰ 'ਚ ਇਕੱਲਾ ਸੀ, ਉਸ ਦੀ ਮਾਤਾ ਸਕੂਲ ਗਈ ਹੋਈ ਸੀ ਅਤੇ ਬਾਕੀ ਗੁਰਦੁਆਰਾ ਸਾਹਿਬ ਗਏ ਹੋਏ ਸਨ, ਜਦੋਂ ਗੇਟ ਖੁੱਲ੍ਹਾ ਸੀ ਤਾਂ ਹੈਲਮੇਟ ਪਹਿਨੇ ਦੋ ਨੌਜਵਾਨ ਘਰ 'ਚ ਦਾਖਲ ਹੋਏ, ਜਿਨ੍ਹਾਂ ਦੇ ਮਾਸਕ ਵੀ ਪਾਏ ਹੋਏ ਸਨ ਅਤੇ ਘਰ 'ਚ ਦਾਖਲ ਹੁੰਦੇ ਹੀ ਉਹਨਾਂ ਨੇ ਉਸਨੂੰ ਫੜ ਲਿਆ ਅਤੇ ਘਰ 'ਚ ਰੱਖੇ ਸਾਮਾਨ ਬਾਰੇ ਪੁੱਛ-ਗਿੱਛ ਕਰਨ ਲੱਗੇ, ਉਸ ਵੱਲੋਂ ਜਦੋਂ ਉਨ੍ਹਾਂ ਨੂੰ ਕੁਝ ਨਾ ਦੱਸਿਆ ਤਾਂ ਉਨ੍ਹਾਂ ਵੱਲੋਂ ਹੱਥ-ਪੈਰ ਅਤੇ ਮੂੰਹ ਵੀ ਬੰਨ੍ਹ ਦਿੱਤਾ ਗਿਆ। ਨੌਜਵਾਨ ਨੇ ਦੱਸਿਆ ਕਿ ਇੰਨਾ ਹੀ ਨਹੀਂ ਉਹਨਾਂ ਨਾਲ ਤੀਜਾ ਵਿਅਕਤੀ ਵੀ ਸੀ ਜਿਸ ਨੇ ਉਹਨਾਂ ਨੂੰ ਫੋਨ ਕਰਕੇ ਜਲਦੀ ਕਰਨ ਲਈ ਕਿਹਾ। 


ਨੌਜਵਾਨ ਨੇ ਦੱਸਿਆ ਕਿ ਜਦੋਂ ਤੱਕ ਉਹ ਲੁਟੇਰਾ ਫੋਨ 'ਤੇ ਗੱਲ ਕਰ ਰਿਹਾ ਸੀ, ਉਦੋਂ ਤੱਕ ਉਹ ਕਿਸੇ ਤਰ੍ਹਾਂ ਹੱਥ ਛੁਡਵਾ ਕੇ ਭੱਜਣ 'ਚ ਕਾਮਯਾਬ ਹੋ ਗਿਆ ਅਤੇ ਗੁਆਂਢੀਆਂ ਦੀ ਛੱਤ ਤੋਂ ਛਾਲ ਮਾਰ ਕੇ ਬਾਹਰ ਆ ਗਿਆ ਪਰ ਬਾਅਦ 'ਚ ਦੇਖਣ 'ਤੇ ਪਤਾ ਲੱਗਿਆ ਕਿ ਘਰ 'ਚ ਪਏ ਕਰੀਬ 11 ਤੋਂ 12 ਲੱਖ ਦੇ ਗਹਿਣੇ ਲੈ ਕੇ ਫਰਾਰ ਹੋ ਗਏ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ | ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।