Punjab News: ਬਟਾਲਾ ਤੋਂ ਬਹੁਤ ਹੀ ਦੁਖਦਾਇਕ ਖਬਰ ਨਿਕਲਕੇ ਸਾਹਮਣੇ ਆਈ ਹੈ। ਜਿੱਥੇ ਹੋਲੀ ਦੀ ਸਵੇਰ ਇੱਕ ਘਰ ਦੇ ਵਿੱਚ ਕਿਰਨੇ ਪੈ ਗਏ, ਦੁੱਖਾਂ ਦਾ ਪਹਾੜ੍ਹ ਟੁੱਟ ਗਿਆ। ਦੱਸ ਦਈਏ ਬਟਾਲਾ ਦੇ ਨੇੜਲੇ ਪਿੰਡ ਨਵਾਂ ਪਿੰਡ ਪੰਜ ਖਡਲ ਵਿਖੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਾਂਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵਲੋਂ ਕਤਲ ਕਰ ਕੇ ਲਾਸ਼ ਨਵਾਂ ਪਿੰਡ ਵਿਖੇ ਸੁੱਟੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ।
ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ
ਮ੍ਰਿਤਕ ਨੌਜਵਾਨ ਦੀ ਪਛਾਣ ਵਿਜੇ (25) ਪੁੱਤਰ ਸੁਲੱਖਣ ਸਿੰਘ ਵਾਸੀ ਹਰਦੋ ਝੰਡੇ ਵਜੋਂ ਹੋਈ ਹੈ। ਮੁਢਲੀ ਜਾਂਚ ਅਨੁਸਾਰ ਮਾਮਲਾ ਰੰਜਿਸ਼ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਟੀਪੀ ਸਿੰਘ ਗੁਰਾਇਆ, ਥਾਣਾ ਸਿਵਲ ਲਾਈਨ ਦੇ ਐਸਐਚਓ ਗੁਰਦੇਵ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪੁੱਜ ਗਏ ਹਨ।
ਮ੍ਰਿਤਕ ਨੌਜਵਾਨ ਦੇ ਪਿਤਾ ਸੁਲੱਖਣ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸਿਲਾਈ ਦਾ ਕੰਮ ਕਰਦਾ ਸੀ ਅਤੇ ਬੀਤੀ ਸ਼ਾਮ ਸਾਢੇ 6 ਵਜੇ ਘਰੋਂ ਆਪਣੀ ਭੂਆ ਦੇ ਪਿੰਡ ਨਵਾਂ ਪਿੰਡ ਪੰਜ ਖਡਲ ਵੱਲ ਆਇਆ ਸੀ। ਉਸਨੇ ਦੱਸਿਆ ਕਿ ਸ਼ੁਕਰਵਾਰ ਦੀ ਸਵੇਰ ਕਰੀਬ 9 ਵਜੇ ਉਹਨਾਂ ਨੂੰ ਸੂਚਨਾ ਮਿਲੀ ਕਿ ਨਵਾਂ ਪਿੰਡ ਦੇ ਨਜ਼ਦੀਕ ਬਣ ਰਹੇ ਨਵੇਂ ਬਾਈਪਾਸ ਰੋਡ ਉੱਤੇ ਉਹਨਾਂ ਦੇ ਪੁੱਤਰ ਵਿਜੇ ਦੀ ਲਾਸ਼ ਪਈ ਹੋਈ ਹੈ।
ਮ੍ਰਿਤਕ ਦੇ ਪਿਤਾ ਨੇ ਅੱਗੇ ਦੱਸਿਆ ਕਿ ਮੌਕੇ ਤੇ ਪੁੱਜ ਕੇ ਦੇਖਿਆ ਤਾਂ ਉਸਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਪਿੰਡ ਦੇ ਕੁਝ ਨੌਜਵਾਨਾਂ ਨਾਲ ਉਸਦਾ ਝਗੜਾ ਹੋਇਆ ਸੀ ਅਤੇ ਉਹਨਾਂ ਨੂੰ ਖ਼ਦਸ਼ਾ ਹੈ ਕਿ ਉਹਨਾਂ ਨੇ ਹੀ ਉਸ ਦੇ ਪੁੱਤਰ ਦਾ ਕਤਲ ਕੀਤਾ ਹੈ। ਉਧਰ ਉਕਤ ਮਾਮਲੇ ਦੇ ਸਬੰਧ ਚ ਜਾਣਕਾਰੀ ਦਿੰਦਿਆਂ ਡੀਐਸਪੀ ਟੀਪੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਜੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਅਤੇ ਉਹਨਾਂ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।