ਜੀਂਦ: ਜੀਂਦ 'ਚ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 17 ਜ਼ਖਮੀ ਦੱਸੇ ਜਾ ਰਹੇ ਹਨ। ਪਿਕਅੱਪ ਤੇ ਟਰਾਲੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜੀਂਦ-ਕੈਥਲ ਰੋਡ 'ਤੇ ਪਿੰਡ ਕੰਡੇਲਾ ਨੇੜੇ ਵਾਪਰਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਹੈ, ਉਸ ਸਮੇਂ ਮ੍ਰਿਤਕ ਹਰਿਦੁਆਰ ਤੋਂ ਫੁੱਲ ਵਿਸਰਜਨ ਕਰਕੇ ਵਾਪਸ ਆ ਰਹੇ ਸਨ।ਮ੍ਰਿਤਕ ਹਿਸਾਰ ਦੇ ਨਾਰਨੌਦ ਦੇ ਰਹਿਣ ਵਾਲੇ ਸੀ। ਇਸ ਹਾਦਸੇ 'ਚ ਜ਼ਖਮੀ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਕੁਝ ਜ਼ਖਮੀਆਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਜ਼ਖ਼ਮੀਆਂ ਨੇ ਦੱਸਿਆ ਕਿ ਹਿਸਾਰ ਜ਼ਿਲ੍ਹੇ ਦੇ ਪਿੰਡ ਨਾਰਨੌਲ ਵਾਸੀ ਪਿਆਰੇ ਲਾਲ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਕੱਲ੍ਹ ਪਰਿਵਾਰਕ ਮੈਂਬਰ ਪਿਕਅੱਪ ਗੱਡੀ ਰਾਹੀਂ ਅਸਥੀਆਂ ਵਿਸਰਜਣ ਲਈ ਹਰਿਦੁਆਰ ਗਏ ਹੋਏ ਸਨ। ਅੱਜ ਸਵੇਰੇ ਜਦੋਂ ਨਰਾਇਣ ਹਰਿਦੁਆਰ ਤੋਂ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਕੰਡੇਲਾ ਨੇੜੇ ਜੀਂਦ ਤੋਂ ਕੈਥਲ ਜਾ ਰਹੇ ਟਰੱਕ ਨਾਲ ਪਿਕਅੱਪ ਦੀ ਟੱਕਰ ਹੋ ਗਈ।
ਸਦਰ ਥਾਣਾ ਇੰਚਾਰਜ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਆਹਮੋ-ਸਾਹਮਣੇ ਦੀ ਟੱਕਰ ਨਾਲ ਵਾਪਰਿਆ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਇਸ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਡਰਾਈਵਰ ਟਰੱਕ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ।