ਸਮਰਾਲਾ: ਮਾਛੀਵਾੜਾ ਰੋਡ ਇਲਾਕੇ 'ਚ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਦੇ ਘਰ ਬੀਤੀ ਰਾਤ ਫਾਇਰਿੰਗ ਕੀਤੀ ਗਈ। ਮੋਟਸਾਈਕਲ ਸਵਾਰ ਦੋ ਹਮਲਾਵਰਾਂ ਵਿੱਚੋਂ ਇੱਕ ਨੇ ਕੰਧ ਉਪਰੋਂ ਘਰ ਅੰਦਰ ਫਾਇਰ ਕੀਤੇ। ਇੱਕ ਫਾਇਰ ਖਿੜਕੀ ਵਿੱਚ ਲੱਗਿਆ।


ਪਤਾ ਲੱਗਾ ਹੈ ਕਿ ਫਾਇਰਿੰਗ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਮਗਰੋਂ ਪਰਿਵਾਰ ਵਿੱਚ ਡਰ ਦਾ ਮਾਹੌਲ ਹੈ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।


ਅਕਾਲੀ ਲੀਡਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਪਰਿਵਾਰ ਸਮੇਤ ਸੌਂ ਰਹੇ ਸੀ ਤਾਂ 11 ਕੁ ਵਜੇ ਫਾਇਰਿੰਗ ਹੋਈ। ਦੋ ਫਾਇਰ ਕੀਤੇ ਗਏ। ਇੱਕ ਖਿੜਕੀ ਵਿੱਚ ਲੱਗਿਆ। ਇਸ ਵਾਰਦਾਤ ਵਿੱਚ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਅਕਾਲੀ ਦਲ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਸਮਰਾਲਾ ਅੰਦਰ 24 ਘੰਟਿਆਂ ਅੰਦਰ ਦੋ ਥਾਵਾਂ ਉਪਰ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਿਸ ਨੂੰ ਸਖ਼ਤੀ ਨਾਲ ਅਜਿਹੇ ਅਨਸਰਾਂ ਨਾਲ ਨਿਪਟਣਾ ਚਾਹੀਦਾ ਹੈ।


ਉਧਰ ਸੂਚਨਾ ਮਿਲਣ ਮਗਰੋਂ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਸੁਰਜੀਤ ਸਿੰਘ ਵੀ ਮੌਕੇ ਉਪਰ ਪਹੁੰਚ ਗਏ। ਉਨ੍ਹਾਂ ਨੇ ਫ਼ਿਲਹਾਲ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।


ਰਸਤਾ ਨਾ ਦੇਣ 'ਤੇ ਕਾਰ ਸਵਾਰਾਂ ਨੇ ਕੀਤਾ ਕਿਸਾਨ 'ਤੇ ਹਮਲਾ


ਅਜੇ ਇੱਕ ਦਿਨ ਪਹਿਲਾਂ ਸਮਰਾਲਾ ਨੇੜਲੇ ਪਿੰਡ ਹਰਿਉਂ 'ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਰਸਤਾ ਨਾ ਮਿਲਣ 'ਤੇ ਕਾਰ ਸਵਾਰਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਤੇ ਇੱਕ ਕਿਸਾਨ ਉਪਰ ਹਮਲਾ ਕੀਤਾ ਗਿਆ। ਇਸ ਦੌਰਾਨ ਹਵਾਈ ਫਾਇਰ ਕੀਤੇ ਗਏ। ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਪੁਲਿਸ ਵੱਲੋਂ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।  


ਪੀੜਤ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੀਹ ਸਾਲਾਂ ਤੋਂ ਮੁਹਾਲੀ 'ਚ ਰਹਿੰਦਾ ਹੈ ਤੇ ਹਰਿਓਂ ਖੁਰਦ ਵਿਖੇ ਉਨ੍ਹਾਂ ਦੀ ਜ਼ਮੀਨ ਹੈ। ਕਣਕ ਦੀ ਵਾਢੀ ਲਈ ਉਹ ਟ੍ਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ ਤੇ ਸਿੰਗਲ ਰੋਡ ਹੋਣ ਕਰਕੇ ਉਹ ਰਸਤਾ ਨਹੀਂ ਦੇ ਸਕਿਆ। ਕਾਰ ਸਵਾਰ ਨੇ ਉਸ ਨੂੰ ਅੱਗੇ ਆ ਕੇ ਘੇਰ ਲਿਆ ਤੇ ਉਸ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਬਾਅਦ 'ਚ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ। ਪੀੜਤ ਕਿਸਾਨ ਨੇ ਦੱਸਿਆ ਕਿ ਕਾਰ 'ਚ ਤਿੰਨ ਔਰਤਾਂ ਵੀ ਸਵਾਰ ਸਨ। ਪਿੰਡ ਵਾਸੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਕਿਸਾਨ ਨੂੰ ਬਚਾਇਆ ਗਿਆ।


 


 


ਇਹ ਵੀ ਪੜ੍ਹੋ: Coronavirus India Updates: ਇੱਕ ਦਿਨ 'ਚ ਕੋਰੋਨਾ ਐਕਟਿਵ ਕੇਸਾਂ ‘ਚ 15 ਫੀਸਦੀ ਉਛਾਲ, 2380 ਨਵੇਂ ਕੇਸ, 56 ਮੌਤਾਂ