ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਕੂੜੇ ਦੇ ਡੰਪ ਨੇੜੇ ਬਣੀ ਇੱਕ ਝੁੱਗੀ ਨੂੰ ਬੀਤੀ ਦੇਰ ਰਾਤ ਅਚਾਨਕ ਅੱਗ ਲੱਗ ਗਈ, ਜਿਸ ਵਿੱਚ ਸੱਤ ਲੋਕ ਜਿਊਂਦੇ ਸੜ ਗਏ ਅਤੇ 7 ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਸ਼ਨਾਖਤ ਸੁਰੇਸ਼ ਸਾਹਨੀ 55 ਸਾਲ, ਉਸ ਦੀ ਪਤਨੀ ਅਰੁਨਾ ਦੇਵੀ 52 ਸਾਲ ,ਉਸ ਦੀ ਬੇਟੀ ਰਾਖੀ 15 ਸਾਲ , ਮਨੀਸ਼ਾ 10 ਸਾਲ ਅਤੇ ਗੀਤਾ 10 ਸਾਲ ,ਚੰਦਾ 8 ਸਾਲ ਅਤੇ ਇਕ ਦੋ ਸਾਲ ਦਾ ਬੇਟਾ ਸੰਨੀ ਵੀ ਸ਼ਾਮਿਲ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਪਰਿਵਾਰ ਦਾ ਵੱਡਾ ਬੇਟਾ ਰਾਜੇਸ਼ ਬਚ ਗਿਆ ਕਿਉਂਕਿ ਉਹ ਬੀਤੀ ਰਾਤ ਆਪਣੇ ਕਿਸੇ ਦੋਸਤ ਦੇ ਘਰ ਹੀ ਰੁਕ ਗਿਆ ਸੀ, ਝੁੱਗੀ ਨੂੰ ਅੱਗ ਕਿਵੇਂ ਲੱਗੀ ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੱਤ ਜੀਆਂ ਦੀ ਮੌਤ ਦੀ ਪੁਸ਼ਟੀ ਲੁਧਿਆਣਾ ਸਿਵਲ ਹਸਪਤਾਲ ਦੀ ਐਸਐਮਓ ਡਾ ਅਮਰਜੀਤ ਕੌਰ ਨੇ ਕੀਤੀ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਦੇ ਕਰੀਬ ਇਸ ਝੁੱਗੀ ਨੂੰ ਅੱਗ ਲੱਗੀ, ਜਿਸ ਦੀਆਂ ਖ਼ੌਫਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਝੁੱਗੀ ਵਿੱਚ ਉਸ ਵੇਲੇ ਇੱਕੋ ਹੀ ਪਰਿਵਾਰ ਦੇ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਰਹਿਣ ਵਾਲੇ ਸੱਤ ਲੋਕ ਸੋ ਰਹੇ ਸਨ, ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਸਾਰੇ ਹੀ ਪਰਿਵਾਰ ਦੇ ਜੀਅ ਸੜ ਕੇ ਸੁਆਹ ਹੋ ਗਏ ਅਤੇ ਸਾਰਿਆਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਕੂੜੇ ਦੇ ਡੰਪ ਦੇ ਨੇੜੇ ਇਹ ਝੁੱਗੀ ਬਣੀ ਹੋਈ ਸੀ। ਹਾਲਾਂਕਿ ਇਹ ਇਕ ਹਾਦਸਾ ਹੈ ਜਾਂ ਫਿਰ ਝੁੱਗੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ ,ਇਹ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਲੁਧਿਆਣਾ ਦੇ ਹੀ ਸਿਵਲ ਹਸਪਤਾਲ ਦੇ ਵਿੱਚ ਮੋਰਚਰੀ ਵਿੱਚ ਰੱਖਿਆ ਗਿਆ ਹੈ ਅਤੇ ਇਸ ਸਬੰਧੀ ਸਬ ਇੰਸਪੈਕਟਰ ਬਲਦੇਵ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਦੀ ਘਟਨਾ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਜਾਂਚ ਕਰ ਰਹੀਆਂ ਹਨ। ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋਈ ਹੈ ਅਤੇ ਸਾਰੇ ਹੀ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਰਹਿਣ ਵਾਲੇ ਸਨ ਅਤੇ ਕੂੜੇ ਦੇ ਡੰਪ ਦਾ ਹੀ ਕੰਮ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਹਰ ਪਹਿਲੂ 'ਤੇ ਜਾਂਚ ਹੋ ਰਹੀ ਹੈ।
ਉੱਧਰ ਦੂਜੇ ਪਾਸੇ ਲੁਧਿਆਣਾ ਸਿਵਲ ਹਸਪਤਾਲ ਦੀ ਐਸਐਮਓ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ,ਜਿਸ ਤੋਂ ਬਾਅਦ ਲਾਸ਼ਾਂ ਨੂੰ ਸਿਵਲ ਹਸਪਤਾਲ ਰਖਵਾਇਆ ਗਿਆ। ਉਨ੍ਹਾਂ ਕਿਹਾ ਕਿ ਲਾਸ਼ਾਂ ਹੀ ਹਸਪਤਾਲ ਲਿਆਂਦੀਆਂ ਗਈਆਂ ਸਨ ਅਤੇ ਹੁਣ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।