Hyderabad Murder Case : ਦਿੱਲੀ ਵਿੱਚ ਬੇਰਹਿਮੀ ਨਾਲ ਹੋਏ ਸ਼ਰਧਾ ਵਾਕਰ ਹੱਤਿਆਕਾਂਡ ਤੋਂ ਬਾਅਦ ਹੁਣ ਹੈਦਰਾਬਾਦ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੀ ਇੱਕ ਵਿਅਕਤੀ ਨੇ ਆਪਣੀ ਲਿਵ-ਇਨ ਪਾਰਟਨਰ ਦੀ ਹੱਤਿਆ ਕਰ ਦਿੱਤੀ ਹੈ ਅਤੇ ਪੱਥਰ ਕੱਟਣ ਵਾਲੀ ਮਸ਼ੀਨ ਨਾਲ ਉਸਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ। ਇੱਕ ਕਤਲ ਕੇਸ ਦੀ ਜਾਂਚ ਕਰਦੇ ਹੋਏ ਪੁਲਿਸ ਦੀ ਜਾਂਚ ਵਿੱਚ ਇਹ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਆਰੋਪੀ ਨੇ ਮ੍ਰਿਤਕ ਮਹਿਲਾ ਦੇ ਪੈਰ ਅਤੇ ਹੱਥ ਆਪਣੇ ਘਰ ਦੇ ਫਰਿੱਜ ਵਿੱਚ ਰੱਖੇ ਹੋਏ ਸਨ ਅਤੇ ਬਦਬੂ ਤੋਂ ਬਚਣ ਲਈ ਕੀਟਾਣੂਨਾਸ਼ਕ ਅਤੇ ਪਰਫਿਊਮ ਦਾ ਛਿੜਕਾਅ ਕੀਤਾ ਸੀ।

 

ਕੀ ਹੈ ਪੂਰਾ ਮਾਮਲਾ?

 

ਪੂਰੇ ਘਟਨਾਕ੍ਰਮ ਅਨੁਸਾਰ 17 ਮਈ ਨੂੰ ਹੈਦਰਾਬਾਦ ਪੁਲਿਸ ਨੂੰ ਸ਼ਹਿਰ ਦੀ ਮੂਸੀ ਨਦੀ ਨੇੜੇ ਇੱਕ ਕੱਟੇ ਹੋਏ ਸਿਰ ਬਾਰੇ ਪਤਾ ਲੱਗਾ। ਪੁਲਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਬੁੱਧਵਾਰ ਨੂੰ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਦਰਅਸਲ 48 ਸਾਲ ਦੇ ਮੁਲਜ਼ਮ ਚੰਦਰ ਮੋਹਨ ਦੇ 55 ਸਾਲਾ ਕ੍ਰਿਤਿਕਾ ਯਾਰਮ ਅਨੁਰਾਧਾ ਰੈੱਡੀ ਨਾਲ ਪਿਛਲੇ 15 ਸਾਲਾਂ ਤੋਂ ਨਾਜਾਇਜ਼ ਸਬੰਧ ਸਨ। ਆਪਣੇ ਪਤੀ ਤੋਂ ਵੱਖ ਹੋਈ ਔਰਤ ਚੰਦਰ ਮੋਹਨ ਨਾਲ ਦਿਲਸੁਖਨਗਰ ਦੀ ਚੈਤੰਨਿਆਪੁਰੀ ਕਾਲੋਨੀ 'ਚ ਉਸਦੇ ਘਰ ਰਹਿ ਰਹੀ ਸੀ।

 

ਕ੍ਰਿਤਿਕਾ 2018 ਤੋਂ ਲੋੜਵੰਦਾਂ ਨੂੰ ਵਿਆਜ 'ਤੇ ਪੈਸੇ ਉਧਾਰ ਦੇਣ ਦਾ ਕਾਰੋਬਾਰ ਕਰਦੀ ਸੀ। ਮੁਲਜ਼ਮ ਨੇ ਮ੍ਰਿਤਕ ਤੋਂ ਆਨਲਾਈਨ ਕਾਰੋਬਾਰ ਕਰਨ ਲਈ ਕਰੀਬ 7 ਲੱਖ ਰੁਪਏ ਵੀ ਲਏ ਸਨ ਅਤੇ ਇਸ ਪੈਸੇ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਜਦੋਂ ਮਹਿਲਾ ਨੇ ਉਸ 'ਤੇ ਪੈਸਿਆਂ ਲਈ ਦਬਾਅ ਪਾਇਆ ਤਾਂ ਉਸ ਨੇ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। 12 ਮਈ ਨੂੰ ਮੁਲਜ਼ਮ ਨੇ ਉਸ ਦੇ ਘਰ ਲੜਾਈ ਝਗੜਾ ਕੀਤਾ ਅਤੇ ਉਸ ’ਤੇ ਚਾਕੂ ਨਾਲ ਹਮਲਾ ਕਰਕੇ ਉਸ ਦੀ ਛਾਤੀ ਅਤੇ ਪੇਟ ’ਤੇ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ।

 

...ਅਤੇ ਫਿਰ ਪੱਥਰ ਕੱਟਣ ਵਾਲੀ ਮਸ਼ੀਨ ਖਰੀਦੀ'


ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਲਾਸ਼ ਦੇ ਟੁਕੜੇ-ਟੁਕੜੇ ਕਰਨ ਅਤੇ ਉਸ ਨੂੰ ਨਿਪਟਾਉਣ ਲਈ ਪੱਥਰ ਕੱਟਣ ਵਾਲੀਆਂ ਦੋ ਛੋਟੀਆਂ ਮਸ਼ੀਨਾਂ ਖਰੀਦੀਆਂ। ਉਸ ਨੇ ਧੜ ਤੋਂ ਸਿਰ ਵੱਢ ਕੇ ਕਾਲੇ ਪੋਲੀਥੀਨ ਦੇ ਢੱਕਣ ਵਿੱਚ ਪਾ ਦਿੱਤਾ। ਫਿਰ ਉਸ ਨੇ ਉਨ੍ਹਾਂ ਦੀਆਂ ਲੱਤਾਂ ਅਤੇ ਹੱਥਾਂ ਨੂੰ ਵੱਖ ਕਰ ਦਿੱਤਾ ਅਤੇ ਫਰਿੱਜ ਵਿਚ ਰੱਖ ਦਿੱਤਾ।

15 ਮਈ ਨੂੰ ਉਹ ਮ੍ਰਿਤਕ ਦਾ ਕੱਟਿਆ ਹੋਇਆ ਸਿਰ ਮੂਸੀ ਨਦੀ ਨੇੜੇ ਇੱਕ ਆਟੋਰਿਕਸ਼ਾ ਵਿੱਚ ਲਿਜਾ ਕੇ ਉੱਥੇ ਸੁੱਟ ਦਿੱਤਾ। ਇਸ ਤੋਂ ਬਾਅਦ ਦੋਸ਼ੀ ਮੋਹਨ ਨੇ ਫਿਨਾਇਲ, ਡੈਟੋਲ, ਪਰਫਿਊਮ ਅਗਰਬੱਤੀ ਅਤੇ ਕਪੂਰ ਖਰੀਦ ਕੇ ਮ੍ਰਿਤਕ ਦੇ ਸਰੀਰ ਦੇ ਅੰਗਾਂ 'ਤੇ ਨਿਯਮਤ ਤੌਰ 'ਤੇ ਛਿੜਕਿਆ ਤਾਂ ਜੋ ਆਸ-ਪਾਸ ਦੇ ਇਲਾਕੇ 'ਚ ਬਦਬੂ ਨਾ ਫੈਲ ਸਕੇ। ਉਸਨੇ ਔਨਲਾਈਨ ਵੀਡੀਓ ਦੇਖ ਕੇ ਸਰੀਰ ਦੇ ਅੰਗਾਂ ਦੇ ਨਿਪਟਾਰੇ ਦੇ ਤਰੀਕੇ ਦੇਖੇ।

 

ਪੁਲਿਸ ਅਨੁਸਾਰ ਉਹ ਮ੍ਰਿਤਕਾ ਦੇ ਮੋਬਾਈਲ ਫੋਨ ਤੋਂ ਮੈਸੇਜ ਭੇਜਦਾ ਰਿਹਾ ਤਾਂ ਜੋ ਉਸ ਦੇ ਜਾਣਕਾਰ ਲੋਕਾਂ ਨੂੰ ਵਿਸ਼ਵਾਸ ਦਿਵਾਏ ਕਿ ਉਹ ਜ਼ਿੰਦਾ ਹੈ ਅਤੇ ਕਿਤੇ ਹੋਰ ਰਹਿੰਦੀ ਹੈ ਪਰ 17 ਮਈ ਨੂੰ ਸਫ਼ਾਈ ਕਰਮਚਾਰੀਆਂ ਨੂੰ ਕੱਟਿਆ ਹੋਇਆ ਸਿਰ ਮੂਸੀ ਨਦੀ ਨੇੜੇ ਅਫ਼ਜ਼ਲ ਨਗਰ ਕਮਿਊਨਿਟੀ ਹਾਲ ਦੇ ਸਾਹਮਣੇ ਕੂੜੇ ਦੇ ਡੰਪ ਤੋਂ ਮਿਲਿਆ ਸੀ। ਇਸ ਮਗਰੋਂ ਮਲਕਪੇਟ ਪੁਲੀਸ ਨੇ ਕੇਸ ਦਰਜ ਕਰਕੇ ਇਸ ਕੇਸ ਨੂੰ ਸੁਲਝਾਉਣ ਲਈ ਅੱਠ ਟੀਮਾਂ ਬਣਾਈਆਂ।

ਸੀਸੀਟੀਵੀ ਸਕੈਨਿੰਗ ਤੋਂ ਮਿਲੀ ਜਾਣਕਾਰੀ


ਸੀਸੀਟੀਵੀ ਫੁਟੇਜ ਅਤੇ ਹੋਰ ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਅਤੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਸ ਨੇ ਮ੍ਰਿਤਕਾ ਦੇ ਘਰ ਤੋਂ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਦੱਖਣ ਪੂਰਬੀ ਜ਼ੋਨ ਦੇ ਡਿਪਟੀ ਕਮਿਸ਼ਨਰ ਰੁਪੇਸ਼ ਚੇਨੂਰੀ ਨੇ ਦੱਸਿਆ ਕਿ ਪੁਲੀਸ ਨੇ ਇਸ ਕਤਲ ਕੇਸ ਵਿੱਚ ਸਟਾਕ ਮਾਰਕੀਟ ਵਿੱਚ ਆਨਲਾਈਨ ਵਪਾਰ ਕਰਨ ਵਾਲੇ ਵਿਅਕਤੀ ਬੀ ਚੰਦਰ ਮੋਹਨ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।