ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Sidhu Moose Wala Murder Case Update: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮਾਸਟਰਮਾਈਂਡ ਮੰਨੇ ਜਾਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਗਾਇਕ ਦੇ ਕਤਲ ਦੀ ਯੋਜਨਾ ਬਣਾਉਣ ਦੀ ਗੱਲ ਕਬੂਲ ਕੀਤੀ ਹੈ। ਬਿਸ਼ਨੋਈ ਨੇ ਐਸਟੀਐਫ ਨੂੰ ਦੱਸਿਆ ਕਿ ਉਸ ਨੇ ਮੂਸੇ ਵਾਲਾ ਦੀ ਰੇਕੀ ਕਰਨ ਲਈ ਕਿਹਾ ਸੀ ਪਰ ਕਤਲ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਬਾਰੇ ਉਸ ਨੇ ਅਣਜਾਣਤਾ ਦਾ ਦਾਅਵਾ ਕੀਤਾ ਹੈ।
ਗਾਇਕ ਦੇ ਕਤਲ ਬਾਰੇ STF ਨੇ ਗੈਂਗਸਟਰ ਤੋਂ 5 ਘੰਟੇ ਤੱਕ ਪੁੱਛਗਿੱਛ ਕੀਤੀ। ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਇੱਕ ਰਿਪੋਰਟ ਵਿੱਚ ਦਾਅਵਾ ਦਿੱਤਾ ਗਿਆ ਹੈ ਕਿ ਗਾਇਕ ਅਤੇ ਅਕਾਲੀ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ ਦੀ ਹੱਤਿਆ ਦਾ ਬਦਲਾ ਲੈਣ ਲਈ ਸਿੱਧੂ ਮੂਸੇ ਵਾਲਾ ਦੀ ਹੱਤਿਆ ਕੀਤੀ ਗਈ। ਸੂਤਰਾਂ ਨੇ ਅੱਗੇ ਦੱਸਿਆ ਕਿ ਬਿਸ਼ਨੋਈ ਨੇ ਐਸਆਈਟੀ ਨੂੰ ਦੱਸਿਆ ਕਿ ਮਿੱਡੂਖੇੜਾ ਉਸ ਲਈ ਵੱਡੇ ਭਰਾ ਵਾਂਗ ਸੀ ਅਤੇ ਬਿਸ਼ਨੋਈ ਦੇ ਗੈਂਗ ਨੇ ਵੀ ਉਸ ਨਾਲ ਅਜਿਹਾ ਹੀ ਵਿਵਹਾਰ ਕਰਦਾ ਸੀ।
ਉਸਨੇ ਐਸਆਈਟੀ ਨੂੰ ਇਹ ਵੀ ਦੱਸਿਆ ਕਿ ਉਸਦੇ ਗੈਂਗ ਦੇ ਮੈਂਬਰਾਂ ਨੇ "ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਹੈ" ਕਿਉਂਕਿ ਉਹ ਮਿੱਡੂਖੇੜਾ ਦੇ ਕਤਲ ਤੋਂ ਦੁਖੀ ਸੀ। ਐਸਆਈਟੀ ਸੂਤਰਾਂ ਨੇ ਇਹ ਵੀ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਵੀ ਸਿੱਧੂ ਮੂਸੇ ਵਾਲਾ ਵਲੋਂ ਆਪਣੇ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਆਸਟ੍ਰੇਲੀਆ ਭੱਜਾਉਣ ਵਿਚ ਮਦਦ ਕਰਨ ਤੋਂ ਨਾਰਾਜ਼ ਸੀ।
ਬਿਸ਼ਨੋਈ ਨੇ ਕਥਿਤ ਤੌਰ 'ਤੇ ਇਹ ਖੁਲਾਸੇ ਉਦੋਂ ਕੀਤੇ ਜਦੋਂ ਉਸ ਨੂੰ ਉਸ ਥਾਂ ਦੀ ਸੀਸੀਟੀਵੀ ਫੁਟੇਜ ਦਿਖਾਈ ਗਈ ਜਿੱਥੇ ਸਿੱਧੂ ਮੂਸੇ ਵਾਲਾ ਦਾ ਕਤਲ ਹੋਇਆ ਸੀ। ਦੱਸ ਦਈਏ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਬਰਾੜ 'ਤੇ ਲਾਰੈਂਸ ਬਿਸ਼ਨੋਈ ਨਾਲ ਸਬੰਧ ਹੋਣ ਦਾ ਦੋਸ਼ ਹੈ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਅਗਵਾ ਕਰ ਸਬ-ਇੰਸਪੈਕਟਰ ਨੂੰ ਗੋਲੀ ਮਾਰ ਕੇ ਕੀਤਾ ਕਤਲ