Sidhu Moose Wala murder Case Punjab Police Gets 7 Days Remand of Gangster Lawrence Bishnoi
Lawrence Bishnoi 7 Days Remand: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਜਾਰੀ ਹੈ। ਇਸੇ ਦੌਰਾਨ ਸਿੱਧੂ ਮੂਸੇ ਵਾਲਾ ਕਤਲ ਕੇਸ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਅਦਾਲਤ ਨੇ 7 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਗੈਂਗਸਟਰ ਬਿਸ਼ਨੋਈ ਨੂੰ ਸਵੇਰੇ 4 ਵਜੇ ਮਾਨਸਾ ਦੀ ਅਦਾਲਤ 'ਚ ਪੇਸ਼ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ।
ਪੰਜਾਬ ਪੁਲਿਸ ਸਖ਼ਤ ਸੁਰੱਖਿਆ ਹੇਠ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਤੋਂ ਲੈ ਕੇ ਆਈ ਸੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਕਰੀਬੀ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ 7 ਦਿਨ ਦਾ ਰਿਮਾਂਡ
ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਉਸ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਸਬੰਧ 'ਚ ਮਾਨਸਾ ਦੀ ਅਦਾਲਤ ਵਿੱਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ 3 ਵਜੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਪਟਿਆਲਾ ਹਾਊਸ ਕੋਰਟ ਪਹੁੰਚਿਆ ਸੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੀ ਪਹੁੰਚ ਗਈ। ਅਦਾਲਤ ਦੀ ਇਜਾਜ਼ਤ ਤੋਂ ਬਾਅਦ ਸ਼ਾਮ 5:20 ਵਜੇ ਦੇ ਕਰੀਬ ਪੰਜਾਬ ਪੁਲਿਸ ਨੇ ਲਾਰੈਂਸ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਾਮ 7.45 ਵਜੇ ਲਾਰੈਂਸ ਵਿਸ਼ਨੋਈ ਨੂੰ ਪਟਿਆਲਾ ਹਾਊਸ ਕੋਰਟ ਵੱਲੋਂ ਪੰਜਾਬ ਲਿਜਾਣ ਲਈ ਟਰਾਂਜ਼ਿਟ ਰਿਮਾਂਡ ਦਿੱਤਾ ਗਿਆ।
ਸਵੇਰੇ ਕਰੀਬ 4 ਵਜੇ ਮਾਨਸਾ ਦੀ ਅਦਾਲਤ ਵਿੱਚ ਲਾਰੈਂਸ ਨੂੰ ਕੀਤਾ ਪੇਸ਼
ਪੰਜਾਬ ਪੁਲਿਸ ਰਾਤ 8 ਵਜੇ ਲਾਰੈਂਸ ਬਿਸ਼ਨੋਈ ਨੂੰ ਪਟਿਆਲਾ ਹਾਊਸ ਕੋਰਟ ਤੋਂ ਬਾਹਰ ਲੈ ਗਈ। ਰਾਤ ਕਰੀਬ 8.20 ਵਜੇ ਪੁਲਸ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਚੈੱਕਅਪ ਲਈ ਪਹੁੰਚੀ। ਰਾਤ ਕਰੀਬ 8.40 ਵਜੇ ਮੈਡੀਕਲ ਕਰਵਾਉਣ ਤੋਂ ਬਾਅਦ ਪੰਜਾਬ ਪੁਲਿਸ ਬਿਸ਼ਨੋਈ ਨਾਲ ਰਵਾਨਾ ਹੋਈ। ਰਾਤ ਕਰੀਬ 11 ਵਜੇ ਪੁਲਿਸ ਉਸ ਨੂੰ ਲੈ ਕੇ ਪਾਣੀਪਤ ਪਹੁੰਚੀ। 12.45 'ਤੇ ਅੰਬਾਲਾ ਨੂੰ ਪਾਰ ਕੀਤਾ ਅਤੇ
ਪੁਲਿਸ ਦਾ ਕਾਫ਼ਲਾ ਸਵੇਰੇ1:10 ਵਜੇ ਪਟਿਆਲਾ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਕਾਫ਼ਲਾ ਦੋ ਵਾਰ ਵਿਚਕਾਰਲੀ ਸੜਕ ’ਤੇ ਰੁਕਿਆ। ਮਾਨਸਾ ਵਿਖੇ ਕਰੀਬ 3.35 ਵਜੇ ਪੁਲਿਸ ਨੇ ਬਿਸ਼ਨੋਈ ਦਾ ਮੈਡੀਕਲ ਕਰਵਾਇਆ ਅਤੇ ਕਰੀਬ 4.20 ਵਜੇ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ |
ਕੀ ਲਾਰੈਂਸ ਬਿਸ਼ਨੋਈ ਹੁਣ ਖੋਲ੍ਹੇਗਾ ਰਾਜ਼?
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਲਾਰੇਂਸ ਬਿਸ਼ਨੋਈ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਲੋਕ ਕੌਣ ਹਨ? ਕਤਲ ਵਿੱਚ ਵਰਤੇ ਹਥਿਆਰ ਕਿਸ ਨੇ ਮੁਹੱਈਆ ਕਰਵਾਏ? ਕਿਵੇਂ ਕਤਲ ਦੀ ਸਾਜ਼ਿਸ਼ ਸਾਰੀ ਰਚੀ ਗਈ? ਕਤਲ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ?
ਹੁਣ ਤੱਕ 9 ਦੋਸ਼ੀ ਗ੍ਰਿਫਤਾਰ
ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ। ਟਰਾਂਜ਼ਿਟ ਰਿਮਾਂਡ ਸਬੰਧੀ ਕੱਲ੍ਹ ਪਟਿਆਲਾ ਹਾਊਸ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਦੀ ਸ਼ਮੂਲੀਅਤ ਦੇ ਸਬੂਤ ਪੇਸ਼ ਕੀਤੇ। ਪਟਿਆਲਾ ਹਾਊਸ ਕੋਰਟ ਨੇ ਸ਼ਰਤਾਂ ਸਮੇਤ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਦਿੱਤਾ ਸੀ। ਟਰਾਂਜ਼ਿਟ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੰਜਾਬ ਪੁਲਿਸ ਲਾਰੈਂਸ ਨਾਲ 2 ਬੁਲੇਟ ਪਰੂਫ਼ ਗੱਡੀਆਂ ਅਤੇ ਭਾਰੀ ਸੁਰੱਖਿਆ ਵਿੱਚ ਮਾਨਸਾ ਪਹੁੰਚੀ। ਮੂਸੇਵਾਲਾ ਕਤਲ ਕਾਂਡ ਵਿੱਚ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ 20 ਮੁਲਜ਼ਮ ਨਾਮਜ਼ਦ ਹਨ।
ਇਹ ਵੀ ਪੜ੍ਹੋ: Delhi-NCR Weather Forecast: ਦਿੱਲੀ-ਐਨਸੀਆਰ 'ਚ ਭਿਆਨਕ ਗਰਮੀ ਤੋਂ ਰਾਹਤ, ਅੱਜ ਤੋਂ ਅਗਲੇ 6 ਦਿਨਾਂ ਤੱਕ ਚਲੇਗੀ ਗਰਜ ਅਤੇ ਮੀਂਹ