Punjab News: ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਅੱਜ 7 ਨਿਹੰਗਾਂ ਨੇ ਇੱਕ ਨੌਜਵਾਨ ਨੂੰ ਤਲਵਾਰ ਨਾਲ ਵੱਢ ਸੁੱਟਿਆ। ਨੌਜਵਾਨ ਦੇ ਪਿਤਾ ਤੇ ਭਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਤਾ ਲੱਗਾ ਹੈ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਲੜਾਈ ਦੌਰਾਨ ਨਿਹੰਗਾਂ ਨੇ ਹਮਲਾ ਕਰ ਦਿੱਤਾ। ਨਿਹੰਗਾਂ ਦਾ ਬਾਣਾ ਪਹਿਨੇ ਕੁਝ ਲੋਕਾਂ ਨੇ ਪੀੜਤਾਂ ਦੇ ਘਰ ਦਾਖਲ ਹੋ ਕੇ ਪਰਿਵਾਰ ਦੇ ਸਾਹਮਣੇ ਪਿਉ-ਪੁੱਤਰ ਦੀ ਵੱਢ-ਟੁੱਕ ਕਰ ਦਿੱਤੀ। ਦੋਹਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਬੇਟੇ ਦੀ ਮੌਤ ਹੋ ਗਈ।
ਇਹ ਘਟਨਾ ਪੱਟੀ ਦੇ ਵਾਰਡ ਨੰਬਰ 6 ਦੀ ਹੈ। ਮ੍ਰਿਤਕ ਦੀ ਪਛਾਣ ਸ਼ੰਮੀ ਪੁਰੀ ਵਜੋਂ ਹੋਈ ਹੈ। ਜਦਕਿ ਜ਼ਖਮੀਆਂ ਦੀ ਪਛਾਣ ਕਰਨ ਪੁਰੀ ਤੇ ਰਾਜਨ ਪੁਰੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੁਪਹਿਰ ਸਮੇਂ 5 ਨਿਹੰਗਾਂ ਨੇ ਘਰ 'ਚ ਆ ਕੇ ਸ਼ੰਮੀ ਪੁਰੀ ਨਾਲ ਲੜਾਈ ਸ਼ੁਰੂ ਕਰ ਦਿੱਤੀ। ਲੜਾਈ ਦੌਰਾਨ ਨਿਹੰਗਾਂ ਨੇ ਆਪਣੀਆਂ ਤਲਵਾਰਾਂ ਕੱਢ ਲਈਆਂ ਤੇ ਜੋ ਵੀ ਸਾਹਮਣੇ ਆਇਆ ਉਸ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਪੁਲਿਸ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ 'ਚ ਜੁਟ ਗਈ ਹੈ।
ਪੀੜਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਹਮਲਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਹੈ। ਮੌਕੇ ’ਤੇ ਪੁੱਜੇ ਜਾਂਚ ਅਧਿਕਾਰੀ ਥਾਣਾ ਸਿਟੀ ਦੇ ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਸ਼ੰਮੀ ਪੁਰੀ ਨਾਲ ਕੁਝ ਵਿਅਕਤੀਆਂ ਦਾ ਪੈਸਿਆਂ ਦਾ ਲੈਣ-ਦੇਣ ਸੀ। ਸ਼ੰਮੀ ਨੂੰ ਉਨ੍ਹਾਂ ਦੇ 1.75 ਲੱਖ ਰੁਪਏ ਦੇਣੇ ਸਨ। ਇਸ ਕਾਰਨ ਨਿਹੰਗ ਬਾਣੇ ਵਾਲੇ ਕੁਝ ਲੋਕ ਆਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ।
ਘਟਨਾ ਤੋਂ ਬਾਅਦ ਐਸਐਸਪੀ ਤਰਨ ਤਾਰਨ ਅਸ਼ਵਨੀ ਕਪੂਰ ਵੀ ਮੌਕੇ ’ਤੇ ਪੁੱਜੇ ਜਿਸ ਨੂੰ ਦੇਖ ਕੇ ਇਲਾਕਾ ਨਿਵਾਸੀਆਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਅਧਿਕਾਰੀਆਂ ਨਾਲ ਗੱਲ ਕਰਕੇ ਮੌਕੇ ਤੋਂ ਚਲੇ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।