Trending Train Accident Video: ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਲਈ ਲੋਕ ਕੀ-ਕੀ ਨਹੀਂ ਕਰਦੇ ਹਨ। ਕਈ ਤਾਂ ਇਸ ਚੱਕਰ 'ਚ ਆਪਣੀ ਜਾਨ ਵੀ ਖ਼ਤਰੇ 'ਚ ਪਾ ਦਿੰਦੇ ਹਨ। ਅਕਲ ਉਦੋਂ ਆਉਂਦੀ ਹੈ ਜਦੋਂ ਕੋਈ ਅਣਹੋਣੀ ਵਾਪਰਦੀ ਹੈ। ਅਜਿਹਾ ਹੀ ਇੱਕ ਹਾਦਸਾ ਇੱਕ ਲੜਕੇ ਨਾਲ ਉਦੋਂ ਵਾਪਰਿਆ, ਜਦੋਂ ਉਹ ਰੇਲਵੇ ਟ੍ਰੈਕ ਕੋਲ ਰੀਲ (Making Reel Near Railway Track) ਬਣਾ ਰਿਹਾ ਸੀ ਅਤੇ ਅਚਾਨਕ ਟਰੇਨ ਆ ਜਾਂਦੀ ਹੈ।


ਵੀਡੀਓ ਸ਼ੂਟ ਕਰਨ ਦੇ ਕ੍ਰੇਜ਼ ਨੇ ਤੇਲੰਗਾਨਾ 'ਚ 17 ਸਾਲਾ ਨੌਜਵਾਨ ਦੀ ਜਾਨ ਨੂੰ ਖ਼ਤਰੇ 'ਚ ਪਾ ਦਿੱਤਾ। ਹਾਲਾਂਕਿ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਨਮਕੋਂਡਾ ਜ਼ਿਲ੍ਹੇ ਦੇ ਕਾਜ਼ੀਪੇਟ ਰੇਲਵੇ ਸਟੇਸ਼ਨ ਕੋਲ ਟ੍ਰੈਕ ਦੇ ਬਿਲਕੁਲ ਨੇੜੇ ਇਹ ਹਾਦਸਾ ਵਾਪਰਿਆ। ਮੁੰਡਾ ਜਦੋਂ ਰੀਲ ਬਣਾ ਰਿਹਾ ਹੁੰਦਾ ਹੈ, ਉਦੋਂ ਅਚਾਨਕ ਪਿੱਛਿਓਂ ਤੇਜ਼ ਰਫ਼ਤਾਰ ਨਾਲ ਟਰੇਨ ਆਉਂਦੀ ਹੈ ਅਤੇ ਮੁੰਡੇ ਨੂੰ ਟੱਕਰ ਮਾਰ ਕੇ ਉੱਥੋਂ ਚਲੀ ਜਾਂਦੀ ਹੈ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


ਵੀਡੀਓ ਦੇਖੋ :



ਟਰੇਨ ਦੀ ਲਪੇਟ 'ਚ ਆਇਆ ਮੁੰਡਾ


ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਕ ਲੜਕਾ ਜੇਬ 'ਚ ਹੱਥ ਪਾ ਕੇ ਪਿੱਛੇ ਤੋਂ ਆ ਰਹੀ ਟਰੇਨ ਦੇ ਨਾਲ ਟ੍ਰੈਕ 'ਤੇ ਤੁਰਦਾ ਨਜ਼ਰ ਆ ਰਿਹਾ ਹੈ। ਸਕਿੰਟਾਂ 'ਚ ਉਹ ਟਰੇਨ ਨਾਲ ਟਕਰਾ ਜਾਂਦਾ ਹੈ ਅਤੇ ਇੱਕ ਪਾਸੇ ਡਿੱਗ ਜਾਂਦਾ ਹੈ। ਉੱਥੇ ਹੀ ਮੋਬਾਈਲ ਫ਼ੋਨ 'ਤੇ ਵੀਡੀਓ ਰਿਕਾਰਡ ਕਰਨ ਵਾਲਾ ਉਸ ਦਾ ਦੋਸਤ ਵੀ ਪਹਿਲਾਂ ਲੜਕੇ ਨੂੰ ਚਿਤਾਵਨੀ ਦਿੰਦਾ ਹੈ।


ਕੌਣ ਹੈ ਇਹ ਨੌਜਵਾਨ ਜਿਸ ਨੂੰ ਟਰੇਨ ਨੇ ਮਾਰੀ ਟੱਕਰ?


ਟਵਿਟਰ 'ਤੇ ਵਾਇਰਲ ਹੋ ਰਹੀ ਇਹ ਵੀਡੀਓ 17 ਸਾਲਾ ਚਿੰਤਾਕੁਲਾ ਅਕਸ਼ੇ ਰਾਜੂ ਦੀ ਹੈ। ਇਸ ਘਟਨਾ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਵਾਰੰਗਲ ਦੇ ਐਮਜੀਐਮ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਨਮਕੋਂਡਾ ਜ਼ਿਲ੍ਹੇ ਦੇ ਪਿੰਡ ਵਡੇਪੱਲੀ ਦਾ ਰਹਿਣ ਵਾਲਾ ਇਹ ਨੌਜਵਾਨ ਇੰਜੀਨੀਅਰਿੰਗ ਦਾ ਵਿਦਿਆਰਥੀ ਦੱਸਿਆ ਜਾਂਦਾ ਹੈ। ਰੀਲ ਬਣਾਉਣ ਦੇ ਕ੍ਰੇਜ਼ ਕਾਰਨ ਉਹ ਲਗਭਗ ਆਪਣੀ ਜਾਨ ਗੁਆ ਹੀ ਬੈਠਾ ਸੀ। ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ ਅਤੇ ਉਸ ਦੀਆਂ ਲੱਤਾਂ ਅਤੇ ਬਾਹਾਂ 'ਤੇ ਵੀ ਸੱਟ ਲੱਗੀ ਹੈ।