Punjab News: ਸ਼ਹਿਰ 'ਚ ਫਾਇਰਿੰਗ ਆਮ ਹੋ ਗਈ ਹੈ। ਪੁਲਿਸ ਕਮਿਸ਼ਨਰ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ 'ਤੇ ਖੁਦ ਤੇ ਪੁਲਿਸ ਨੂੰ ਥਾਪੜਾ ਦਿੰਦੇ ਹਨ, ਜਦਕਿ 24 ਘੰਟਿਆਂ ਦੇ ਅੰਦਰ ਹੀ ਸ਼ਹਿਰ 'ਚ ਦੋ ਵਾਰ ਗੋਲੀਆਂ ਚਲਣੀਆਂ ਕਿਤੇ ਨਾ ਕਿਤੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਵੀ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ। ਸ਼ਨੀਵਾਰ ਸ਼ਾਮ ਕਰੀਬ 4 ਵਜੇ ਰਣਜੀਤ ਐਵੀਨਿਊ ਇਲਾਕੇ 'ਚ ਗੋਲੀ ਚੱਲੀ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਉੱਘੇ ਕਾਰੋਬਾਰੀ ਤੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਚੇਅਰਮੈਨ ਚਰਨਜੀਤ ਸਿੰਘ ਚੱਢਾ ਦੇ ਪੋਤਰੇ 'ਤੇ ਚਲਾਈ ਗਈ ਸੀ। ਪਰਿਵਾਰ ਦਾ ਸਿਆਸੀ ਪ੍ਰਭਾਵ ਵੀ ਹੈ। ਗੋਲੀਬਾਰੀ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਤੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ। ਇਸੇ ਤਰ੍ਹਾਂ ਗੁਰਬਖਸ਼ ਨਗਰ ਵਿੱਚ ਵੀ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਇੱਕ ਘਰ ਵਿੱਚ ਗੋਲੀ ਚਲਾਉਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ। ਪੁਲਿਸ ਨੇ ਰਣਜੀਤ ਐਵੀਨਿਊ 'ਚ ਚੱਲੀਆਂ ਗੋਲੀਆਂ 'ਚੋਂ ਤਿੰਨ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਮੁੱਢਲੀ ਜਾਂਚ 'ਚ ਆਪਸੀ ਦੁਸ਼ਮਣੀ ਸਾਹਮਣੇ ਆਈ ਹੈ। ਹਮਲਾਵਰਾਂ ਵੱਲੋਂ ਪੀੜਤ ਦੀ ਕਾਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਪੁਲਿਸ ਅਧਿਕਾਰੀ ਨੇ ਕੀਤੀ ਹੈ। ਸ਼ਨੀਵਾਰ ਸ਼ਾਮ 4 ਵਜੇ ਰਣਜੀਤ ਐਵੀਨਿਊ ਸਥਿਤ ਇਕ ਨਿੱਜੀ ਹੋਟਲ ਦੇ ਮਾਲਕ 'ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਗੋਲੀ ਚਲਾ ਦਿੱਤੀ ਗਈ। ਖੁਸ਼ਕਿਸਮਤੀ ਨਾਲ ਹਰਪ੍ਰੀਤ ਚੱਢਾ ਨੂੰ ਗੋਲੀ ਨਹੀਂ ਲੱਗੀ। ਗੋਲੀ ਚਲਾਉਣ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ’ਤੇ ਐਸਪੀ ਨਾਰਥ ਗੁਰਮੀਤ ਸਿੰਘ ਅਤੇ ਥਾਣਾ ਰਣਜੀਤ ਐਵੀਨਿਊ ਦੇ ਇੰਚਾਰਜ ਐਸਐਚਓ ਨਿਸ਼ਾਨ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਕੀਤੀ ਜਾ ਰਹੀ ਹੈ। ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
ਗੁਰੂ ਨਗਰੀ 'ਚ ਦਹਿਸ਼ਤ ਦਾ ਸਾਇਆ! ਅੰਮ੍ਰਿਤਸਰ ਦੇ ਪੌਸ਼ ਇਲਾਕੇ 'ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ
abp sanjha | ravneetk | 17 Apr 2022 01:23 PM (IST)
Crime News : ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਇੱਕ ਘਰ ਵਿੱਚ ਗੋਲੀ ਚਲਾਉਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ। ਪੁਲਿਸ ਨੇ ਰਣਜੀਤ ਐਵੀਨਿਊ 'ਚ ਚੱਲੀਆਂ ਗੋਲੀਆਂ 'ਚੋਂ ਤਿੰਨ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ।
crime in punjab