ਮੁੰਬਈ: ਕ੍ਰਾਈਮ ਬ੍ਰਾਂਚ ਦੀ ਸਾਇਬਰ ਪੁਲਿਸ ਨੇ ਯੂਟਿਊਬ ਚਲਾਉਣ ਵਾਲੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਪ੍ਰੈਂਕ ਦੇ ਨਾਂ ਤੇ ਅਸ਼ਲੀਲ ਵੀਡੀਓ ਬਣਾ ਕੇ ਯੂਟਿਊਬ ਤੇ ਅਪਲੋਡ ਕਰਦੇ ਸੀ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਕਰੋੜਾਂ ਰੁਪਏ ਕਮਾਉਂਦੇ ਸੀ। ਕ੍ਰਾਈਮ ਬ੍ਰਾਂਚ ਦੇ ਜੁਆਇੰਟ ਕਮਿਸ਼ਨਰ ਆਫ ਪੁਲਿਸ ਮਿਲਿੰਦ ਭਰਾਮਬੇ ਨੇ ਦੱਸਿਆ ਕਿ ਇਹ ਲੋਕ ਪ੍ਰੈਂਕ ਦੇ ਨਾਮ ਤੇ ਅਸ਼ਲੀਲ ਵੀਡੀਓ ਬਣਾਕੇ ਯੂਟਿਊਬ ਤੇ ਅਪਲੋਡ ਕਰਦੇ ਸੀ ਤੇ ਲੱਖਾਂ ਰੁਪਏ ਕਮਾ ਰਹੇ ਸੀ।

ਲੌਕਡਾਊਨ ਵਿੱਚ ਜਦੋਂ ਸਾਰੇ ਵਪਾਰ ਅਤੇ ਕੰਮ ਕਾਜ ਠੱਪ ਸੀ ਉਦੋਂ ਇਨ੍ਹਾਂ ਮੁਲਜ਼ਮਾਂ ਨੇ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਯੂਟਿਊਬ ਤੇ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ। ਲੌਕਡਾਊਨ ਦੌਰਾਨ ਹੀ ਇਨ੍ਹਾਂ ਮੁਲਜ਼ਮਾਂ ਨੇ ਕਰੀਬ 2 ਕਰੋੜ ਰੁਪਏ ਕਮਾ ਲਏ। ਪੁਲਿਸ ਮੁਤਾਬਕ ਇਹ ਅੰਕੜਾ ਹੋਰ ਵੱਧ ਸਕਦਾ ਹੈ। ਜਾਣਕਾਰੀ ਮੁਤਾਬਕ ਇੱਕ ਵੀਡੀਓ ਵਿੱਚ 2 ਤੋਂ 3 ਹਜ਼ਾਰ ਰੁਪਏ ਦਾ ਖਰਚ ਆਉਂਦਾ ਸੀ। ਇਸ ਇੱਕ ਵੀਡੀਓ ਨਾਲ ਉਹ ਕਰੀਬ 50 ਹਜ਼ਾਰ ਰੁਪਏ ਤਕ ਕਮਾ ਲੈਂਦੇ ਸੀ।

ਪੁਲਿਸ ਨੇ ਦੱਸਿਆ ਕਿ ਗਰੋਹ ਲੜਕੀਆਂ ਨੂੰ ਐਕਟਿੰਗ ਦੇ ਨਾਮ ਤੇ ਬੁਲਾਉਂਦਾ ਸੀ ਅਤੇ ਉਨ੍ਹਾਂ ਨੂੰ 500 ਤੋਂ 1500 ਰੁਪਏ ਦਿੰਦਾ ਸੀ। ਇਸ ਤੋਂ ਬਾਅਦ ਇਹ ਲੋਕ ਅਸ਼ਲੀਲ ਵੀਡੀਓ ਬਣਾਉਣ ਲਈ ਪਬਲਿਕ ਪਲੇਸ ਜਿਵੇਂ ਬੱਸ ਸਟੈਂਡ, ਰੌਕ ਗਾਰਡਨ, ਕਾਰਟਰ ਰੋਡ ਤੇ ਕਈ ਹੋਰ ਥਾਵਾਂ ਤੇ ਜਾਂਦੇ ਸੀ ਜਿਥੇ ਇਹ ਵੀਡੀਓ ਸ਼ੂਟ ਕੀਤੇ ਜਾਂਦੇ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਵੀਡੀਓਜ਼ ਤੇ ਇਨ੍ਹਾਂ ਨੂੰ ਲੱਖਾਂ ਵਿਊਜ਼ ਮਿਲਦੇ ਸੀ।

ਪੁਲਿਸ ਨੂੰ ਹੁਣ ਤਕ ਅਜਿਹੇ 17 ਯੂਟਿਊਬ ਚੈਨਲਾਂ ਬਾਰੇ ਜਾਣਕਾਰੀ ਮਿਲੀ ਹੈ ਜਿਸ ਤੇ ਇਨ੍ਹਾਂ ਲੋਕਾਂ ਨੇ 300 ਤੋਂ ਵੱਧ ਵੀਡੀਓ ਅਪਲੋਡ ਕੀਤੀਆਂ ਹਨ।ਪੁਲਿਸ ਨੇ ਅਜਿਹੇ ਚੈਨਲਾਂ ਨੂੰ ਬੰਦ ਕਰਨ ਲਈ ਯੂਟਿਊਬ ਨੂੰ ਕਿਹਾ ਹੈ।