Murder in Faridkot: ਫਰੀਦਕੋਟ ਵਿੱਚ ਇੱਕ ਔਰਤ ਨੂੰ ਆਪਣਾ ਪਤੀ ਤੇ ਬੱਚੇ ਛੱਡ ਕੇ ਦੂਜੀ ਥਾਂ ਵਿਆਹ ਕਰਵਾਉਣਾ ਭਾਰੀ ਪੈ ਗਿਆ। ਮਾਮਲਾ ਫਰੀਦਕੋਟ ਦੀ ਡੋਗਰ ਬਸਤੀ ਦਾ ਹੈ ਇੱਥੇ ਇੱਕ ਔਰਤ ਆਪਣੇ ਪਤੀ ਤੇ ਦੋ ਬੱਚਿਆਂ ਨੂੰ ਛੱਡ ਮੁਹੱਲੇ ਦੀ ਦੂਸਰੀ ਗਲੀ ਵਿੱਚ ਰਹਿੰਦੇ ਨੌਜਵਾਨ ਨਾਲ ਵਿਆਹ ਕਰਵਾ ਕੇ ਰਹਿਣ ਲੱਗੀ ਸੀ। ਉਹ ਕਰੀਬ ਚਾਰ ਮਹੀਨੇ ਪਾਸੇ ਰਹਿਣ ਤੋਂ ਬਾਅਦ ਬੀਤੇ ਦਿਨੀਂ ਫਰੀਦਕੋਟ ਆਪਣੇ ਪਹਿਲੇ ਘਰ ਵਾਲੇ ਕੋਲ ਆ ਕੇ ਰਹਿਣ ਲੱਗੀ ਸੀ।


ਇਸ 'ਤੇ ਤੈਸ਼ ਵਿੱਚ ਆਏ ਦੂਜੇ ਪਤੀ ਨੇ ਅੱਜ ਕੁਝ ਅਣਪਛਾਤੇ ਬੰਦਿਆਂ ਨੂੰ ਨਾਲ ਲੈ ਕੇ ਉਸ ਦੇ ਘਰ ਉਪਰ ਹਮਲਾ ਕਰ ਦਿੱਤਾ। ਇਸ ਵਿੱਚ ਔਰਤ ਦੇ ਪਹਿਲੇ ਪਤੀ ਦੀ ਮੌਤ ਹੋ ਗਈ ਤੇ ਔਰਤ ਖੁਦ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਸ ਮੌਕੇ ਪੀੜਤ ਔਰਤ ਤੇ ਉਸ ਦੀ ਸੱਸ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।



ਪੁਲਿਸ ਮੁਤਾਬਕ ਫਰੀਦਕੋਟ ਸ਼ਹਿਰ ਦੀ ਡੋਗਰ ਬਸਤੀ ਵਿੱਚ ਬੀਤੀ ਰਾਤ ਇੱਕ ਪ੍ਰੇਮੀ ਨੇ ਆਪਣੀ ਵਿਆਹੁਤਾ ਪ੍ਰੇਮਿਕਾ ਦੇ ਘਰ ਉਪਰ ਹਮਲਾ ਕਰ ਦਿੱਤਾ। ਇਸ ਹਮਲੇ 'ਚ ਮਹਿਲਾ ਦੇ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਔਰਤ ਤੇ ਉਸ ਦੇ ਬੱਚੇ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


ਹਾਸਲ ਜਾਣਕਾਰੀ ਮੁਤਾਬਕ ਇਹ ਔਰਤ ਸਾਢੇ ਚਾਰ ਮਹੀਨੇ ਪਾਸੇ ਰਹਿਣ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਘਰ ਵਾਪਸ ਆਈ ਸੀ। ਇਸ ਤੋਂ ਬਾਅਦ ਪ੍ਰੇਮੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਹਿਲਾ ਦੇ ਘਰ 'ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦੇ 41 ਸਾਲਾ ਬੇਟੇ ਦਾ ਵਿਆਹ 2007 ਵਿੱਚ ਹੋਇਆ ਸੀ। ਪੁੱਤਰ ਤੇ ਨੂੰਹ ਦੇ ਦੋ ਬੱਚੇ ਹਨ। ਕੁਝ ਮਹੀਨੇ ਪਹਿਲਾਂ 31 ਸਾਲਾ ਨੂੰਹ ਦੁਪਹਿਰ ਸਮੇਂ ਘਰ ਛੱਡ ਕੇ ਦੂਜੀ ਗਲੀ ਵਿੱਚ ਰਹਿੰਦੇ ਆਪਣੇ ਪ੍ਰੇਮੀ ਸੰਦੀਪ ਨਾਲ ਰਹਿਣ ਲਈ ਚਲੀ ਗਈ ਸੀ।


ਉਹ ਦੋ ਦਿਨ ਪਹਿਲਾਂ ਉਥੋਂ ਘਰ ਪਰਤੀ ਸੀ। ਰਾਤ ਸਮੇਂ ਸੰਦੀਪ, ਮਨੀ ਤੇ ਸ਼ੰਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘਰ 'ਤੇ ਹਮਲਾ ਕਰ ਦਿੱਤਾ। ਮੁਲਜ਼ਮ ਉਸ ਦੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ। ਉਸ ਦੇ ਘਰ ਦਾ ਸਾਮਾਨ ਤੋੜ ਦਿੱਤਾ ਤੇ ਉਸ ਦੇ ਪੁੱਤਰ ਤੇ ਨੂੰਹ ਦੀ ਵੀ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ।



ਇਸ ਕਾਰਨ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਨੂੰਹ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਆਰਥਿਕ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਸ ਦੇ ਪਰਿਵਾਰ ਦਾ ਸਹਾਰਾ ਬਣ ਸਕੇ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਫਰੀਦਕੋਟ ਦੇ ਡੀਐਸਪੀ ਸ਼ਮਸ਼ੇਰ ਸਿੰਘ ਵੀ ਮੌਕੇ ’ਤੇ ਪੁੱਜੇ। ਡੀਐਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਹੁਣ ਤੱਕ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਖ਼ਮੀ ਔਰਤ ਕੁਝ ਸਮਾਂ ਪਹਿਲਾਂ ਆਪਣੇ ਪਤੀ ਤੇ ਬੱਚਿਆਂ ਨੂੰ ਛੱਡ ਕੇ ਮੁਲਜ਼ਮ ਕੋਲ ਰਹਿਣ ਲਈ ਚਲੀ ਗਈ ਸੀ। ਇਸ ਤੋਂ ਬਾਅਦ ਕਥਿਤ ਦੋਸ਼ੀ ਨੇ ਸਾਥੀਆਂ ਨਾਲ ਮਿਲ ਕੇ ਹਮਲਾ ਕਰਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।