ਨਵੀਂ ਦਿੱਲੀ : ਦਿੱਲੀ ਪੁਲਿਸ ਸਟੇਸ਼ਨ 'ਚ ਭੀੜ ਵੱਲੋਂ ਇੱਕ ਕਾਂਸਟੇਬਲ ਨੂੰ ਥੱਪੜ ਮਾਰਿਆ ਜਾ ਰਿਹਾ ਹੈ। ਭੀੜ ਵਿੱਚੋਂ ਕੁਝ ਲੋਕ ਇਸ ਦੀ ਵੀਡੀਓ ਬਣਾ ਰਹੇ ਹਨ ਅਤੇ ਇੱਕ ਵਿਅਕਤੀ ਪੁਲਿਸ ਵਾਲੇ ਦਾ ਕਾਲਰ ਫੜ ਰਿਹਾ ਹੈ। ਇਸ ਘਟਨਾ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਜਾਣਕਾਰੀ ਮੁਤਾਬਕ ਘਟਨਾ ਨਵੀਂ ਦਿੱਲੀ ਦੇ ਆਨੰਦ ਵਿਹਾਰ ਥਾਣੇ ਦੀ ਹੈ।
ਵੀਡੀਓ 'ਚ 10-12 ਲੋਕਾਂ ਦੀ ਭੀੜ ਨੇ ਸਿਪਾਹੀ ਨੂੰ ਘੇਰ ਲਿਆ ਅਤੇ ਉਸ 'ਤੇ ਹਮਲਾ ਕੀਤਾ ਜਾ ਰਿਹਾ ਹੈ, ਜਦਕਿ ਕਈ ਦਰਸ਼ਕ ਆਪਣੇ ਫ਼ੋਨ 'ਤੇ ਤਸਵੀਰਾਂ ਤੇ ਵੀਡੀਓ ਬਣਾਉਂਦੇ ਦੇਖੇ ਜਾ ਸਕਦੇ ਹਨ, ਕੋਈ ਵੀ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ।
ਜਿਸ ਕਾਂਸਟੇਬਲ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਉਹ ਆਨੰਦ ਵਿਹਾਰ ਥਾਣੇ ਦਾ ਹੈੱਡ ਕਾਂਸਟੇਬਲ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਾਂਸਟੇਬਲ ਦੀ ਕੁੱਟਮਾਰ ਕਿਉਂ ਕੀਤੀ ਗਈ? ਘਟਨਾ 31 ਜੁਲਾਈ ਦੀ ਹੈ। ਕਾਂਸਟੇਬਲ ਮੁਆਫ਼ੀ ਮੰਗਦਾ ਰਹਿੰਦਾ ਹੈ, ਪਰ ਭੀੜ ਨਹੀਂ ਰੁਕਦੀ।
ਜਿਸ ਵਿਅਕਤੀ ਨੇ ਪੁਲਿਸ ਮੁਲਾਜ਼ਮ ਦਾ ਕਾਲਰ ਫੜਿਆ ਹੋਇਆ ਹੈ, ਉਹ ਕਹਿੰਦਾ ਹੈ ਕਿ ਤੁਸੀਂ ਮੇਰੇ 'ਤੇ ਆਪਣਾ ਹੱਥ ਕਿਵੇਂ ਚੁੱਕਿਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਮੁਲਾਜ਼ਮ ਨੂੰ ਜ਼ੋਰਦਾਰ ਥੱਪੜ ਮਾਰਿਆ। ਦੂਜੇ ਪਾਸਿਓਂ ਇੱਕ ਹੋਰ ਵਿਅਕਤੀ ਨੇ ਵੀ ਹੈੱਡ ਕਾਂਸਟੇਬਲ ਨੂੰ ਥੱਪੜ ਮਾਰ ਦਿੱਤਾ।
ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਾਇਰਲ ਵੀਡੀਓ 'ਚ ਸ਼ਾਹਦਰਾ ਦੇ ਆਨੰਦ ਵਿਹਾਰ ਪੁਲਸ ਸਟੇਸ਼ਨ ਦੇ ਅੰਦਰ ਹੈੱਡ ਪੁਲਿਸ ਕਾਂਸਟੇਬਲ ਨੂੰ ਕੁੱਟਦੇ ਹੋਏ ਦਿਖਾਇਆ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵੀਡੀਓ 31 ਜੁਲਾਈ ਦੀ ਹੈ ਅਤੇ ਹੁਣ ਇਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।