ਯੂਪੀ : ਉੱਤਰ ਪ੍ਰਦੇਸ਼ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਟਾਵਾ ਜ਼ਿਲ੍ਹੇ ਵਿੱਚ ਬੁੱਧਵਾਰ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਜ਼ਿਲ੍ਹੇ ਵਿੱਚ ਤਿੰਨ ਥਾਵਾਂ ’ਤੇ ਕੰਧ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ -ਰੋ ਬੁਰਾ ਹਾਲ ਹੈ। ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਮੀਂਹ ਕਾਰਨ ਹੋਏ ਹਾਦਸਿਆਂ 'ਤੇ ਦੁੱਖ ਪ੍ਰਗਟ ਕੀਤਾ ਹੈ।
 

ਇਟਾਵਾ ਜ਼ਿਲੇ ਦੇ ਥਾਣਾ ਸਿਵਲ ਲਾਈਨ ਖੇਤਰ ਅਧੀਨ ਆਉਂਦੇ ਪਿੰਡ ਚੰਦਰਪੁਰਾ 'ਚ ਲਗਾਤਾਰ ਭਾਰੀ ਮੀਂਹ ਕਾਰਨ ਕੰਧ ਡਿੱਗਣ ਕਾਰਨ ਚਾਰ ਮਾਸੂਮ ਭੈਣ-ਭਰਾ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਕ ਭਰਾ ਅਤੇ ਦਾਦੀ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਦਾ ਇਟਾਵਾ ਜ਼ਿਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
 

ਇਨ੍ਹਾਂ ਚਾਰੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ, ਬੱਚੇ ਆਪਣੀ ਦਾਦੀ ਕੋਲ ਰਹਿ ਰਹੇ ਸਨ। ਚਾਰ ਭੈਣ-ਭਰਾ ਸਿੰਕੂ (10), ਅਭੀ (8), ਸੋਨੂੰ (7), ਆਰਤੀ (5) ਹਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਮੈਜਿਸਟ੍ਰੇਟ ਅਵਨੀਸ਼ ਰਾਏ ਅਤੇ ਸੀਨੀਅਰ ਪੁਲਿਸ ਕਪਤਾਨ ਜੈਪ੍ਰਕਾਸ਼ ਸਿੰਘ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਜ਼ਿਲ੍ਹਾ ਹਸਪਤਾਲ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਲਈ ਅਤੇ ਜ਼ਖ਼ਮੀ ਦਾਦੀ ਅਤੇ ਮਾਸੂਮ ਬੱਚੇ ਦਾ ਹਾਲ-ਚਾਲ ਪੁੱਛਿਆ ਹੈ।

 

ਦੂਜਾ ਹਾਦਸਾ ਥਾਣਾ ਇਕਦਲ ਦੇ ਪਿੰਡ ਕ੍ਰਿਪਾਲਾਪੁਰ ਦਾ ਹੈ। ਇੱਥੇ ਵੀ ਕੱਚੀ ਕੰਧ ਡਿੱਗਣ ਕਾਰਨ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਤੀਜਾ ਹਾਦਸਾ ਮਹੇਵਾ ਬਲਾਕ ਇਲਾਕੇ ਦੀ ਗ੍ਰਾਮ ਪੰਚਾਇਤ ਅੰਡਾਵਾ ਦੇ ਮਜਰਾ ਵਿੱਚ ਵਾਪਰਿਆ। ਇੱਥੇ ਮਿੱਟੀ ਦੀ ਕੰਧ ਡਿੱਗਣ ਕਾਰਨ 50 ਸਾਲਾ ਜਬਰ ਸਿੰਘ ਦੀ ਮੌਤ ਹੋ ਗਈ।


 



ਇਸ ਹਾਦਸੇ ਤੋਂ ਬਾਅਦ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੰਧ ਡਿੱਗਣ ਕਾਰਨ ਹੋਈਆਂ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ ਹੈ। ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ। ਡੀਐਮ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪੁੱਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।