ਖਡੂਰ ਸਾਹਿਬ : ਤਰਨਤਾਰਨ ਦੇ ਵਿਧਾਨ ਸਭਾ ਖਡੂਰ ਸਾਹਿਬ ਦੇ ਪਿੰਡ ਪੱਖੋਪੁਰ ਵਿਚ ਤਿੰਨ ਨੌਜਵਾਨਾਂ ਵੱਲੋਂ ਇਕ ਘਰ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ। ਗੋਲੀ ਲੱਗਣ ਕਾਰਨ ਘਰ ਵਿੱਚ ਮਜੂਦ ਮਹਿਲਾ ਦੀ ਮੌਤ ਹੋ ਗਈ। ਮਾਮਲਾ ਜ਼ਮੀਨੀ ਝਗੜੇ ਦਾ ਹੈ। ਜਿੱਥੇ ਕਾਫੀ ਦਿਨਾਂ ਤੋਂ ਦੋ ਪਰਿਵਾਰਾਂ ਦੇ ਵਿੱਚ ਜ਼ਮੀਨ ਨੂੰ ਲੈ ਕੇ ਝਗੜਾ ਚਲ ਰਹਾ ਸੀ। ਅੱਜ ਝਗੜਾ ਇੰਨਾ ਵੱਧ ਗਿਆ ਕਿ ਇੱਕ ਧਿਰ ਨੇ ਦੂਸਰੀ ਧਿਰ ਦੇ ਘਰ ਜਾ ਕੇ ਗੋਲੀਆਂ ਚਲਾ ਦਿੱਤੀਆਂ।
ਜਿਸ ਦੌਰਾਨ ਇਕ ਗੋਲ਼ੀ ਘਰ ਵਿਚ ਮੌਜੂਦ ਮਹਿਲਾ ਨੂੰ ਜਾ ਲੱਗੀ ,ਜਿਸ ਕਾਰਨ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨੇ ਨੌਜਵਾਨ ਆਪਣਾ ਮੋਟਰ ਸਾਈਕਲ ਲੈ ਕੇ ਗੋਲੀਆਂ ਚਲਾਉਣ ਤੋਂ ਬਾਅਦ ਉਥੋਂ ਫਰਾਰ ਹੋ ਗਏ। ਮ੍ਰਿਤਕ ਮਹਿਲਾ ਦੀ ਪਛਾਣ ਰਾਜਬੀਰ ਕੌਰ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਰਾਜਬੀਰ ਕੌਰ ਵਿਆਹੀ ਹੋਈ ਸੀ ਅਤੇ ਉਸਦੇ ਛੋਟੇ-ਛੋਟੇ ਤਿੰਨ ਬੱਚੇ ਹਨ। ਫਿਲਹਾਲ ਮੌਕੇ 'ਤੇ ਪਹੁੰਚੇ ਥਾਣਾ ਚੋਲਾ ਸਾਹਿਬ ਦੀ ਪੁਲਿਸ ਨੇ ਮ੍ਰਿਤਕ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਮਹਿਲਾ ਰਾਜਬੀਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਾਫੀ ਦਿਨਾਂ ਤੋ ਜ਼ਮੀਨੀ ਝਗੜਾ ਚੱਲਦਾ ਸੀ। ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਆਏ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦ ਮ੍ਰਿਤਕ ਮਹਿਲਾ ਰਾਜਬੀਰ ਕੌਰ ਆਪਣੇ ਘਰ ਦੇ ਦਰਵਾਜ਼ੇ 'ਤੇ ਗਈ ਤਾਂ ਨੌਜਵਾਨਾਂ ਨੇ ਆਪਣੀ 12 ਬੋਰ ਰਾਈਫ਼ਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ,ਜੋ ਇੱਕ ਗੋਲ਼ੀ ਰਾਜਬੀਰ ਕੌਰ ਦੇ ਲੱਗ ਗਈ। ਜਿਸ ਦੀ ਮੌਕੇ 'ਤੇ ਮੌਤ ਹੋ ਗਈ ਹੈ। ਰਾਜਬੀਰ ਕੌਰ ਆਪਣੇ ਪਿਛੇ ਤਿੰਨ ਮਾਸੂਸ ਬੱਚਿਆ ਨੂੰ ਛੱਡ ਗਈ , ਜਿਨ੍ਹਾਂ ਦੀ ਉਮਰ 5 - 6 ਸਾਲ ਦੇ ਕਰੀਬ ਹੈ।
ਇਸ ਮੌਕੇ 'ਤੇ ਪਹੁੰਚੇ ਥਾਣਾ ਚੋਲਾ ਸਾਹਿਬ ਦੇ ਪ੍ਰਭਾਰੀ ਕੁਲਵੰਤ ਸਿੰਘ ਵਿਰਕ ਨੇ ਕਿਹਾ ਕਿ ਰਾਜਬੀਰ ਕੌਰ ਦੇ ਘਰ ਆ ਕੇ ਤਿੰਨ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਜਿਸ ਨਾਲ਼ ਮਹਿਲਾ ਰਾਜਵੀਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।