Amritsar 'ਚ ਨਕਲੀ SHO ਗ੍ਰਿਫ਼ਤਾਰ, ਵਰਦੀ ਦਾ ਰੌਬ ਦਿਖਾ ਕੇ ਕਰਦਾ ਸੀ ਠੱਗੀ
Amritsar Fake Police SHO Arrested : ਅੰਮ੍ਰਿਤਸਰ ਵਿੱਚ ਪੁਲਿਸ ਦੀ ਵਰਦੀ ਪਾ ਕੇ ਅਤੇ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸ ਕੇ ਦੁਕਾਨਦਾਰਾਂ ਨਾਲ ਠੱਗੀ ਮਾਰਨ ਵਾਲੇ ਇੱਕ ਸ਼ਾਤਿਰ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Amritsar Fake Police SHO Arrested : ਅੰਮ੍ਰਿਤਸਰ ਵਿੱਚ ਪੁਲਿਸ ਦੀ ਵਰਦੀ ਪਾ ਕੇ ਅਤੇ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸ ਕੇ ਦੁਕਾਨਦਾਰਾਂ ਨਾਲ ਠੱਗੀ ਮਾਰਨ ਵਾਲੇ ਇੱਕ ਸ਼ਾਤਿਰ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੁੱਖਾ ਸਿੰਘ ਉਰਫ਼ ਸੁਖਦੀਪ ਸਿੰਘ, ਵਸਨੀਕ ਰਾਜਪੁਰਾ (ਪਟਿਆਲਾ) ਵਜੋਂ ਹੋਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੁਕਾਨਦਾਰਾਂ ਦਾ ਭਰੋਸਾ ਜਿੱਤਣ ਲਈ ਕਦੇ ਆਪਣੇ ਆਪ ਨੂੰ SHO ਦੱਸਦਾ ਸੀ ਤੇ ਕਦੇ ਵੱਡੀਆਂ ਕੰਪਨੀਆਂ ਦਾ ਨੁਮਾਇੰਦਾ ਬਣ ਕੇ ਸਮਾਨ ਮੰਗਵਾ ਲੈਂਦਾ ਸੀ।
ਪੁਲਿਸ ਮੁਤਾਬਕ ਮੁਲਜ਼ਮ ਖ਼ਿਲਾਫ਼ ਹੁਣ ਤੱਕ 7 ਮਾਮਲੇ ਦਰਜ ਹਨ। ਇਸ ਮਾਮਲੇ ਦਾ ਖੁਲਾਸਾ ਥਾਣਾ ਸਿਵਲ ਲਾਈਨ ਵਿੱਚ ਦਰਜ ਇੱਕ ਐੱਫਆਈਆਰ ਦੀ ਜਾਂਚ ਦੌਰਾਨ ਹੋਇਆ। ਸ਼ਿਕਾਇਤ ਅੰਮ੍ਰਿਤਸਰ ਦੇ ਭਾਟੀਆ ਗਨ ਹਾਊਸ ਦੇ ਮਾਲਕ ਨੇ ਦਿੱਤੀ ਸੀ। ਮੁਲਜ਼ਮ ਨੇ ਫੋਨ ਕਰਕੇ ਆਪਣੇ ਆਪ ਨੂੰ ਥਾਣਾ ਸਿਵਲ ਲਾਈਨ ਦਾ SHO ਦੱਸਿਆ ਅਤੇ ਇੱਕ ਪਿਸਤੌਲ ਦੀ ਮੰਗ ਕੀਤੀ।
ਪਹਿਲਾਂ ਉਸ ਨੇ ਹਥਿਆਰ ਥਾਣੇ ਭੇਜਣ ਲਈ ਕਿਹਾ ਪਰ ਕੁਝ ਸਮੇਂ ਬਾਅਦ ਫੋਨ ਕਰਕੇ ਲੋਕੇਸ਼ਨ ਬਦਲ ਦਿੱਤੀ ਅਤੇ ਦੂਜੀ ਥਾਂ ਹਥਿਆਰ ਪਹੁੰਚਾਉਣ ਲਈ ਕਿਹਾ। ਪੁਲਿਸ ਅਧਿਕਾਰੀ ਸਮਝ ਕੇ ਗਨ ਹਾਊਸ ਦੇ ਮਾਲਕ ਨੇ ਆਪਣੇ ਕਰਮਚਾਰੀ ਰਾਹੀਂ ਪਿਸਤੌਲ ਭੇਜ ਦਿੱਤਾ। ਕਰਮਚਾਰੀ ਨੇ ਦੱਸਿਆ ਕਿ ਹਥਿਆਰ ਲੈਣ ਆਇਆ ਵਿਅਕਤੀ ਪੁਲਿਸ ਦੀ ਵਰਦੀ ਵਿੱਚ ਸੀ।
ਭੁਗਤਾਨ ਮੰਗਣ 'ਤੇ ਖੁੱਲ੍ਹਿਆ ਠੱਗੀ ਦਾ ਰਾਜ
ਕੁਝ ਸਮੇਂ ਬਾਅਦ ਜਦੋਂ ਗਨ ਹਾਊਸ ਦੇ ਮਾਲਕ ਨੇ ਅਸਲੀ SHO ਨਾਲ ਭੁਗਤਾਨ ਬਾਰੇ ਗੱਲ ਕੀਤੀ ਤਾਂ ਠੱਗੀ ਦਾ ਪਰਦਾਫਾਸ਼ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਵੱਡੀਆਂ ਕੰਪਨੀਆਂ ਦੀ ਜਾਣਕਾਰੀ ਇਕੱਠੀ ਕਰਦਾ ਸੀ।
ਇਸ ਤੋਂ ਬਾਅਦ ਉਹ ਛੋਟੇ ਦੁਕਾਨਦਾਰਾਂ ਨੂੰ ਫੋਨ ਕਰਕੇ ਆਪਣੇ ਆਪ ਨੂੰ ਕਿਸੇ ਮਸ਼ਹੂਰ ਕੰਪਨੀ ਜਾਂ ਅਧਿਕਾਰੀ ਦਾ ਨੁਮਾਇੰਦਾ ਦੱਸਦਾ ਅਤੇ ਕਹਿੰਦਾ ਕਿ ਉਸ ਦਾ ਕਰਮਚਾਰੀ ਸਮਾਨ ਲੈਣ ਆਵੇਗਾ, ਜਦਕਿ ਭੁਗਤਾਨ ਬਾਅਦ ਵਿੱਚ ਕਰ ਦਿੱਤਾ ਜਾਵੇਗਾ। ਦੁਕਾਨਦਾਰ ਭਰੋਸਾ ਕਰਕੇ ਸਮਾਨ ਦੇ ਦਿੰਦੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਫੋਨ ਕਰਨ ਵਾਲਾ ਅਤੇ ਸਮਾਨ ਲੈਣ ਲਈ ਜਾਣ ਵਾਲਾ ਦੋਵੇਂ ਉਹੀ ਮੁਲਜ਼ਮ ਸੀ।
7 ਮਾਮਲੇ ਦਰਜ, ਜੁਐਲਰੀ ਸ਼ਾਪ ਨੂੰ ਵੀ ਬਣਾਇਆ ਨਿਸ਼ਾਨਾ
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਅੰਬਾਲਾ, ਪਟਿਆਲਾ, ਮੋਗਾ, ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਤੇ ਕੈਂਟੋਨਮੈਂਟ ਥਾਣੇ ਸਮੇਤ ਕੁੱਲ 7 ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਉਸ ਨੇ ਮਜੀਠਾ ਰੋਡ ਸਥਿਤ ਇੱਕ ਜੁਐਲਰੀ ਸ਼ਾਪ ਤੋਂ ਪੁਲਿਸ ਦੀ ਵਰਦੀ ਪਾ ਕੇ ਜਾਅਲੀ GPay ਭੁਗਤਾਨ ਦਿਖਾ ਕੇ ਦੋ ਅੰਗੂਠੀਆਂ ਵੀ ਠੱਗ ਲਈਆਂ।
ਟ੍ਰੈਂਡਿੰਗ ਟੌਪਿਕ


















