ਉੱਤਰੀ ਭਾਰਤ ‘ਚ ਦਿੱਲੀ ਦੇ ਇੰਦਿਰਾ ਗਾਂਧੀ ਏਅਰਪੋਰਟ ਤੋਂ ਬਾਅਦ ਸਭ ਤੋਂ ਵੱਧ ਯਾਤਰੀਆਂ ਵਾਲੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕੁਪ੍ਰਬੰਧਨ ਕਾਰਨ ਯਾਤਰੀ ਪਰੇਸ਼ਾਨ ਹਨ। ਇੱਥੇ ਆਉਣ ਵਾਲੇ ਯਾਤਰੀਆਂ ਨੇ ਟਰਮਿਨਲ ਦੇ ਅੰਦਰ ਕਬੂਤਰਾਂ ਦੀ ਭਰਮਾਰ ਬਾਰੇ ਸ਼ਿਕਾਇਤ ਕੀਤੀ ਹੈ। ਇੱਕ ਯਾਤਰੀ ਨੇ ਦੱਸਿਆ ਕਿ ਇੱਥੇ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ, ਹਰ ਜਗ੍ਹਾ ਕਬੂਤਰ ਉੱਡਦੇ ਨਜ਼ਰ ਆ ਰਹੇ ਹਨ ਅਤੇ ਕੱਪੜਿਆਂ ‘ਤੇ ਉਨ੍ਹਾਂ ਦੀ ਬਿਟ ਵੀ ਡਿੱਗ ਰਹੀ ਹੈ। ਅੰਮ੍ਰਿਤਸਰ ‘ਚ ਹਰ ਰੋਜ਼ 1 ਲੱਖ ਤੋਂ ਵੱਧ ਸੈਲਾਨੀ ਪਹੁੰਚਦੇ ਹਨ। ਵਿਦੇਸ਼ ਤੋਂ ਆਉਣ ਵਾਲੇ ਪੰਜਾਬੀ ਅਤੇ ਇੰਟਰਨੈਸ਼ਨਲ ਯਾਤਰੀ ਇੱਥੇ ਹੀ ਉਤਰਦੇ ਜਾਂ ਫਲਾਈਟ ਫੜਦੇ ਹਨ, ਪਰ ਇੱਥੇ ਆ ਕੇ ਕਬੂਤਰਾਂ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Continues below advertisement

ਸੁਰੱਖਿਆ ਅਤੇ ਸਫਾਈ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਹੁੰਦਾ ਹਨ

Continues below advertisement

ਇਸ ਘਟਨਾ ‘ਤੇ ਪ੍ਰਤੀਕ੍ਰਿਆ ਦਿੰਦਿਆਂ ਯਾਤਰੀ ਅਤੇ ਲੁਧਿਆਣਾ ਦੇ ਉਦਯੋਗਪਤੀ ਡਾ. ਵੀ.ਪੀ. ਮਿਸ਼ਰਾ ਨੇ ਕਿਹਾ ਕਿ ਰਾਤ ਦੇ ਲਗਭਗ ਦੋ ਵਜੇ ਦਾ ਸਮਾਂ ਸੀ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅੰਦਰ ਯਾਤਰੀ ਬੈਠੇ ਹੋਏ ਸਨ ਅਤੇ ਉਨ੍ਹਾਂ ਦੇ ਉੱਪਰ ਦਰਜਨਾਂ ਕਬੂਤਰ ਉੱਡ ਰਹੇ ਸਨ। ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।ਤਸਵੀਰਾਂ ‘ਚ ਪੰਛੀ ਪੂਰੇ ਟਰਮਿਨਲ ਦੇ ਅੰਦਰ ਚੱਕਰ ਲਾਉਂਦੇ ਨਜ਼ਰ ਆ ਰਹੇ ਹਨ—ਕਦੇ ਛੱਤ ਦੇ ਨੇੜੇ, ਤਾਂ ਕਦੇ ਯਾਤਰੀਆਂ ਦੇ ਸਿਰਾਂ ਦੇ ਉੱਪਰੋਂ ਉੱਡਦੇ ਹੋਏ। ਇਹ ਨਜ਼ਾਰਾ ਦੇਖ ਕੇ ਲੋਕ ਹੈਰਾਨ ਰਹਿ ਗਏ, ਕਿਉਂਕਿ ਹਵਾਈ ਅੱਡੇ ਦੇ ਅੰਦਰ ਇੰਨੀ ਵੱਡੀ ਗਿਣਤੀ ‘ਚ ਪੰਛੀਆਂ ਦਾ ਉੱਡਣਾ ਸੁਰੱਖਿਆ ਅਤੇ ਸਫਾਈ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਹਵਾਈ ਅੱਡੇ ਵਰਗੀ ਸੰਵੇਦਨਸ਼ੀਲ ਜਗ੍ਹਾ ‘ਤੇ ਇਸ ਤਰ੍ਹਾਂ ਪੰਛੀਆਂ ਦਾ ਦਾਖ਼ਲਾ ਚਿੰਤਾਜਨਕ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਯਾਤਰੀਆਂ ਦੀ ਸਹੂਲਤ ਪ੍ਰਭਾਵਿਤ ਹੁੰਦੀ ਹੈ, ਸਗੋਂ ਹਵਾਈ ਸੁਰੱਖਿਆ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ।

ਬਰਡ ਸਟ੍ਰਾਇਕ ਨਾਲ ਹਰ ਸਾਲ ਹਜ਼ਾਰਾਂ ਹਾਦਸੇ - ਹਵਾਈ ਸੁਰੱਖਿਆ ਲਈ ਵੱਡੀ ਚਿੰਤਾ

ਦੁਨੀਆ ਭਰ ‘ਚ ਪੰਛੀਆਂ ਦੇ ਟਕਰਾਅ (ਬਰਡ ਸਟ੍ਰਾਇਕ) ਕਾਰਨ ਹਰ ਸਾਲ ਹਜ਼ਾਰਾਂ ਜਹਾਜ਼ੀ ਹਾਦਸੇ ਹੁੰਦੇ ਹਨ। 1988 ਤੋਂ ਅੱਜ ਤੱਕ ਲਗਭਗ 250 ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਅਤੇ ਕਰੀਬ 262 ਲੋਕਾਂ ਦੀ ਮੌਤ ਹੋਈ ਹੈ। 1990 ਤੋਂ 2024 ਤੱਕ ਅਮਰੀਕਾ ‘ਚ ਪੰਛੀਆਂ ਅਤੇ ਜੰਗਲੀ ਜਾਨਵਰਾਂ ਦੇ ਟਕਰਾਅ ਕਾਰਨ 82 ਮੌਤਾਂ ਹੋਈਆਂ ਅਤੇ 126 ਜਹਾਜ਼ ਨਸ਼ਟ ਹੋਏ।ਪੰਛੀਆਂ ਦੇ ਟਕਰਾਅ ਖ਼ਾਸ ਕਰਕੇ ਹਵਾਈ ਅੱਡਿਆਂ ਦੇ ਆਲੇ-ਦੁਆਲੇ ਅਤੇ ਉਡਾਣ ਦੇ ਉੱਠਣ ਜਾਂ ਉਤਰਣ ਦੇ ਸਮੇਂ ਵੱਧ ਹੁੰਦੇ ਹਨ।

ਦਸੰਬਰ 2024 ‘ਚ ਦੱਖਣੀ ਕੋਰੀਆ ‘ਚ ਇੱਕ ਵੱਡਾ ਹਵਾਈ ਹਾਦਸਾ ਵੀ ਪੰਛੀ ਟਕਰਾਅ ਕਾਰਨ ਹੋਇਆ ਸੀ, ਜਿਸ ਵਿੱਚ 179 ਲੋਕਾਂ ਦੀ ਮੌਤ ਹੋਈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਸੀ ਕਿ ਪੰਛੀ ਟਕਰਾਉਣ ਤੋਂ ਬਾਅਦ ਇੰਜਣ ਜਾਂ ਗੀਅਰ ਨਾਲ ਸੰਬੰਧਤ ਸਮੱਸਿਆ ਆਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਏਅਰਪੋਰਟ ਪ੍ਰਸ਼ਾਸਨ ਨੇ ਇਸ ਸਮੱਸਿਆ ਦੇ ਹੱਲ ਨੂੰ ਲੈ ਕੇ ਆਖੀ ਇਹ ਗੱਲ...

ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿਰਦੇਸ਼ਕ ਭੂਪਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆ ਚੁੱਕਾ ਹੈ ਅਤੇ ਇਸ ‘ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਹਵਾਈ ਅੱਡੇ ਦੇ ਅੰਦਰ ਪੰਛੀਆਂ ਦਾ ਉੱਡਣਾ ਇੱਕ ਗੰਭੀਰ ਵਿਸ਼ਾ ਹੈ, ਜਿਸ ‘ਤੇ ਪੂਰੀ ਟੀਮ ਧਿਆਨ ਦੇ ਰਹੀ ਹੈ।ਉਨ੍ਹਾਂ ਦੱਸਿਆ ਕਿ ਸਫਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਉਪਾਅ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਪੰਛੀ ਟਰਮਿਨਲ ਖੇਤਰ ‘ਚ ਦਾਖ਼ਲ ਨਾ ਹੋ ਸਕਣ। ਭੂਪਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਬਹੁਤ ਜਲਦੀ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ ਅਤੇ ਯਾਤਰੀਆਂ ਨੂੰ ਸੁਰੱਖਿਅਤ ਤੇ ਸਾਫ-ਸੁਥਰਾ ਮਾਹੌਲ ਪ੍ਰਦਾਨ ਕੀਤਾ ਜਾਵੇਗਾ।