ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਪਹਿਲੀ ਵਾਰ ਯੂਟਿਊਬ ‘ਤੇ ਲਾਈਵ, ਮੀਟਿੰਗ 'ਚ ਬਵਾਲ, ਕਾਂਗਰਸ ਤੇ BJP ਕੌਂਸਲਰਾਂ ਵਿਚਾਲੇ ਹੱਥੋਪਾਈ
ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਨਗਰ ਨਿਗਮ ਹਾਊਸ ‘ਚ ਸ਼ੁਰੂ ਹੋ ਗਈ ਹੈ। ਇਹ ਪਹਿਲੀ ਵਾਰ ਹੈ ਕਿ ਜਨਰਲ ਹਾਊਸ ਦੀ ਮੀਟਿੰਗ ਨੂੰ MC Chandigarh ਦੇ ਯੂਟਿਊਬ ਚੈਨਲ ‘ਤੇ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ...

Chandigarh Municipal Corporation Meeting: ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਨਗਰ ਨਿਗਮ ਹਾਊਸ ‘ਚ ਸ਼ੁਰੂ ਹੋ ਗਈ ਹੈ। ਇਹ ਪਹਿਲੀ ਵਾਰ ਹੈ ਕਿ ਜਨਰਲ ਹਾਊਸ ਦੀ ਮੀਟਿੰਗ ਨੂੰ MC Chandigarh ਦੇ ਯੂਟਿਊਬ ਚੈਨਲ ‘ਤੇ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਲਈ ਵਿਸ਼ੇਸ਼ ਤੌਰ ‘ਤੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਤੋਂ ਇਜਾਜ਼ਤ ਲਈ ਗਈ ਹੈ।
ਮੀਟਿੰਗ ਸ਼ੁਰੂ ਹੁੰਦੇ ਹੀ ਹਾਊਸ ‘ਚ ਹੰਗਾਮਾ ਹੋ ਗਿਆ। ਸੀਨੀਅਰ ਡਿਪਟੀ ਮੇਅਰ ਜਸਬੀਰ ਬੰਟੀ ਨੇ ਟੇਬਲ ਐਜੈਂਡੇ ‘ਤੇ ਸਵਾਲ ਖੜ੍ਹੇ ਕੀਤੇ। ਕਮਿਊਨਿਟੀ ਸੈਂਟਰ ਦੀ ਬੁਕਿੰਗ ਨੂੰ ਲੈ ਕੇ ਪਾਰਸ਼ਦ ਪ੍ਰੇਮ ਲਤਾ ਨੇ ਕਿਹਾ ਕਿ ਇਸ ‘ਚ ਕੋਈ ਸਪਸ਼ਟਤਾ ਨਹੀਂ ਹੈ।
ਨੀਵ ਪੱਥਰ ਦੀ ਪਲੇਟ ਨੂੰ ਲੈ ਕੇ ਹੰਗਾਮਾ
ਨੀਵ ਪੱਥਰ ‘ਤੇ ਨਾਮ ਲਿਖਣ ਨੂੰ ਲੈ ਕੇ ਸ਼ੁਰੂ ਹੋਈ ਗੱਲਬਾਤ ਕੌਂਸਲਰਾਂ ਦੀ ਹੱਥਾਪਾਈ ਤੱਕ ਪਹੁੰਚ ਗਈ। ਭਾਜਪਾ ਦੀ ਪਾਰਸ਼ਦ ਗੁਰਬਖ਼ਸ਼ ਰਾਵਤ ਨੇ ਇਹ ਮੁੱਦਾ ਉਠਾਇਆ ਕਿ ਨੀਵ ਪੱਥਰ ਦੀ ਪਲੇਟ ‘ਤੇ ਕੌਂਸਲਰ, ਮੇਅਰ ਤੇ ਡਿਪਟੀ ਮੇਅਰ ਦਾ ਨਾਮ ਨਹੀਂ ਲਿਖਿਆ ਜਾ ਰਿਹਾ।
ਉਨ੍ਹਾਂ ਨੇ ਆਪਣੇ ਵਾਰਡ ‘ਚ ਪੋਲ ਲਗਾਉਣ ਵਾਲੀ ਪਲੇਟ ‘ਤੇ ਨਾਮ ਨਾ ਹੋਣ ਅਤੇ ਸਮਾਗਮ ‘ਚ ਨਾ ਬੁਲਾਉਣ ਦਾ ਇਤਰਾਜ਼ ਜ਼ਾਹਰ ਕੀਤਾ। ਗੱਲਬਾਤ ਨਿੱਜੀ ਤਕਰਾਰ ਤੋਂ ਹੁੰਦੀ ਹੋਈ 1984 ਦੇ ਸਿੱਖ ਦੰਗਿਆਂ ਤੱਕ ਪਹੁੰਚ ਗਈ। ਇਸ ਦੌਰਾਨ ਭਾਜਪਾ ਕੌਂਸਲਰ ਸੌਰਵ ਜੋਸ਼ੀ ਨੇ ਤਾਂਕਿ ਸਾਂਸਦ ਮਨੀਸ਼ ਤਿਵਾਰੀ ਦੀ ਨੇਮ ਪਲੇਟ ਚੁੱਕ ਕੇ ਕਿਹਾ ਕਿ “ਸਾਂਸਦ ਸਾਹਿਬ ਰਹਿੰਦੇ ਕਿੱਥੇ ਨੇ? ਇਹ ਤਾਂ ਸ਼ਨੀਵਾਰ-ਐਤਵਾਰ ਵਾਲੇ ਸਾਂਸਦ ਨੇ।”
ਮੀਟਿੰਗ ਤੋਂ ਪਹਿਲਾਂ ਮੇਅਰ ਵੱਲੋਂ ਰਾਜਪਾਲ ਦਾ ਧੰਨਵਾਦ
ਮੀਟਿੰਗ ਤੋਂ ਪਹਿਲਾਂ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਮੀਟਿੰਗਾਂ ਦਾ ਲਾਈਵ ਪ੍ਰਸਾਰਣ ਅਤੇ ਈ-ਕਾਰਵਾਈ ਸ਼ੁਰੂ ਕਰਨ ਦਾ ਜੋ ਫ਼ੈਸਲਾ ਰਾਜਪਾਲ ਨੇ ਕੀਤਾ ਹੈ, ਉਸ ਨਾਲ ਪੂਰੀ ਪਾਰਦਰਸ਼ਤਾ ਆਵੇਗੀ।
ਮੇਅਰ ਬਬਲਾ ਨੇ ਕਿਹਾ ਕਿ ਨਗਰ ਨਿਗਮ ਦੇ ਕੰਮਕਾਜ ‘ਚ ਜਵਾਬਦੇਹੀ ਯਕੀਨੀ ਬਣਾਉਣ ਵੱਲ ਇਹ ਇਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੀ ਕਾਰਵਾਈ ਦਾ ਸੀਧਾ ਪ੍ਰਸਾਰਣ ਲੋਕਾਂ ਲਈ ਦੇਖਣ ਯੋਗ ਬਣਾਉਣ ਨਾਲ ਨਾਗਰਿਕ ਹੋਰ ਮਜ਼ਬੂਤ ਹੋਣਗੇ ਅਤੇ ਹਰ ਬਹਿਸ ਤੇ ਫ਼ੈਸਲੇ ਨੂੰ ਜਨਤਕ ਬਣਾਕੇ ਲੋਕਤੰਤਰਿਕ ਮੁੱਲਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਪਿਛਲੀ ਮੀਟਿੰਗ ਰਹੀ ਚਰਚਾ 'ਚ
ਇਸ ਤੋਂ ਪਹਿਲਾਂ ਨਗਰ ਨਿਗਮ ਦੀ ਮੀਟਿੰਗ ਲਗਭਗ ਦੋ ਮਹੀਨੇ ਪਹਿਲਾਂ ਹੋਈ ਸੀ, ਜਿਸ ਵਿੱਚ ਮਨੀਮਾਜਰਾ ਹਾਉਸਿੰਗ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਇਸ ਦੌਰਾਨ ਵਿਰੋਧੀ ਪੱਖ ਵੱਲੋਂ ਅਲੱਗ ਹਾਊਸ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਅਤੇ ਮਾਰਸ਼ਲ ਬੁਲਾ ਕੇ ਚਾਰ ਕੌਂਸਲਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਨਗਰ ਨਿਗਮ ਦੀ ਇਕ ਮੀਟਿੰਗ ਰੱਦ ਵੀ ਹੋ ਚੁੱਕੀ ਹੈ।






















