Mohali News: ਗੈਂਗਸਟਰਾਂ ਦਾ ਆਤੰਕ ਜਾਰੀ, ਮੋਹਾਲੀ SSP ਦਫ਼ਤਰ ਦੇ ਬਾਹਰ ਸ਼ਰੇਆਮ ਕਤਲ, ਗੋਲਡੀ ਬਰਾੜ ਤੋਂ ਮਿਲ ਰਹੀਆਂ ਸੀ ਧਮਕੀਆਂ, ਦੋ ਸ਼ੂਟਰਾਂ ਨੇ ਇੰਝ ਬਣਾਇਆ ਨਿਸ਼ਾਨਾ...
Mohali News: ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ-ਦਿਹਾੜੇ ਬੁੱਧਵਾਰ ਨੂੰ ਹੋਏ ਕਤਲ ਦੇ ਸਬੰਧ ਵਿੱਚ ਪੁਲਿਸ ਨੇ ਵਿਦੇਸ਼ੀ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ...

Mohali News: ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ-ਦਿਹਾੜੇ ਬੁੱਧਵਾਰ ਨੂੰ ਹੋਏ ਕਤਲ ਦੇ ਸਬੰਧ ਵਿੱਚ ਪੁਲਿਸ ਨੇ ਵਿਦੇਸ਼ੀ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ 'ਤੇ, ਗੋਲਡੀ ਬਰਾੜ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 103(1), 61(2) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਤਾਂ ਪਹਿਲਾਂ ਹੀ ਸਪੱਸ਼ਟ ਹੋ ਗਿਆ ਸੀ ਕਿ ਮੁਲਜ਼ਮ ਗੋਲਡੀ ਬਰਾੜ ਦੇ ਚਾਚੇ ਦੇ ਪੁੱਤਰ ਗੁਰਲਾਲ ਬਰਾੜ ਦੇ ਕਤਲ ਵਿੱਚ ਸ਼ਾਮਲ ਸੀ। ਇਸਦੇ ਨਾਲ ਹੀ ਕਤਲ ਤੋਂ ਬਾਅਦ, ਗੈਂਗਸਟਰ ਨੇ ਖੁਦ ਇਸ ਸੰਬੰਧੀ ਇੱਕ ਵੀਡੀਓ ਜਾਰੀ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਵਿੱਚ ਉਸਨੇ ਕਿਹਾ ਸੀ ਕਿ, "ਅਸੀਂ ਆਪਣਾ ਬਦਲਾ ਲੈ ਲਿਆ ਹੈ।"
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ, ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਠੋਸ ਸੁਰਾਗ ਹਨ ਅਤੇ ਉਹ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਕਤਲ ਤੋਂ ਬਾਅਦ ਮੋਟਰਸਾਈਕਲ 'ਤੇ ਭੱਜ ਗਏ ਸਨ।
ਗੈਂਗਸਟਰ ਵੱਲੋਂ ਧਮਕੀਆਂ ਮਿਲ ਰਹੀਆਂ ਸਨ
ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ 'ਤੇ, ਸੋਹਾਣਾ ਪੁਲਿਸ ਸਟੇਸ਼ਨ ਵਿੱਚ ਗੋਲਡੀ ਬਰਾੜ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲਡੀ ਬਰਾੜ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਸੀ। ਮ੍ਰਿਤਕ, ਆਪਣੀ ਪਤਨੀ ਸਮੇਤ, ਕੱਲ੍ਹ ਐਨਡੀਪੀਐਸ ਮਾਮਲੇ ਵਿੱਚ ਪੇਸ਼ ਹੋਣ ਲਈ ਮੋਹਾਲੀ ਅਦਾਲਤ ਗਿਆ ਸੀ ਜਦੋਂ ਉਸਨੂੰ ਗੋਲੀ ਮਾਰ ਦਿੱਤੀ ਗਈ।
ਪੁਲਿਸ ਨੇ ਉਸਨੂੰ ਕੁਝ ਸਮਾਂ ਪਹਿਲਾਂ ਚਾਰ ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਹ ਇਸ ਸਮੇਂ ਜ਼ਮਾਨਤ 'ਤੇ ਬਾਹਰ ਸੀ। ਮ੍ਰਿਤਕ ਦਾ ਪੋਸਟਮਾਰਟਮ ਅੱਜ ਮੋਹਾਲੀ ਸਿਵਲ ਹਸਪਤਾਲ ਵਿੱਚ ਕੀਤਾ ਜਾਵੇਗਾ।
ਕਾਰ ਦੀ ਡਿਕੀ ਖੋਲ੍ਹਦੇ ਸਮੇਂ ਕੀਤਾ ਹਮਲਾ
ਰੂਪਨਗਰ ਰੇਂਜ ਦੇ ਡੀਆਈਜੀ ਨਾਨਕ ਸਿੰਘ ਅਤੇ ਐਸਏਐਸ ਨਗਰ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 3 ਵਜੇ ਦੇ ਕਰੀਬ ਵਾਪਰੀ। ਮ੍ਰਿਤਕ, ਗੁਰਵਿੰਦਰ ਸਿੰਘ ਉਰਫ਼ ਲੰਬੜ, ਰੁੜਕੀ ਪੁਖਤਾ ਪਿੰਡ (ਸਦਰ ਖਰੜ ਪੁਲਿਸ ਸਟੇਸ਼ਨ) ਦਾ ਰਹਿਣ ਵਾਲਾ ਸੀ। ਉਹ ਏਸੀਸੀ ਹਾਊਸਿੰਗ ਸੋਸਾਇਟੀ ਦੇ ਬਾਹਰ ਸੜਕ ਕਿਨਾਰੇ ਖੜ੍ਹੀ ਆਪਣੀ ਕਾਰ ਦੀ ਡਿੱਕੀ ਖੋਲ੍ਹ ਰਿਹਾ ਸੀ, ਜਦੋਂ ਪਹਿਲਾਂ ਹੀ ਉਡੀਕ ਵਿੱਚ ਬੈਠੇ ਇੱਕ ਅਣਪਛਾਤੇ ਹਮਲਾਵਰ ਨੇ ਉਸ 'ਤੇ ਕਈ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਿਆ।
ਹਮਲੇ ਦੌਰਾਨ ਉਸਦੀ ਪਤਨੀ ਵੀ ਉਸਦੇ ਨਾਲ ਸੀ, ਪਰ ਉਹ ਸੁਰੱਖਿਅਤ ਬਚ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਉਸਨੂੰ ਵੀ ਨਿਸ਼ਾਨਾ ਬਣਾ ਕੇ ਮਾਰੀ ਗਈ ਸੀ।
ਕਤਲ ਤੋਂ ਬਾਅਦ ਗੈਂਗਸਟਰ ਨੇ ਜ਼ਿੰਮੇਵਾਰੀ ਲਈ
ਗੋਲਡੀ ਬਰਾੜ ਨਾਲ ਸਬੰਧਤ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮ੍ਰਿਤਕ ਨੌਜਵਾਨ ਨੂੰ ਉਸਦੇ ਭਰਾ ਗੁਰਲਾਲ ਬਰਾੜ ਦੇ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜਿਸ ਸਮੇਂ ਉਸਨੂੰ ਮਾਰਿਆ ਗਿਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਦਾਲਤ ਵਿੱਚ ਪੇਸ਼ੀ ਤੇ ਸਨ। ਉੱਥੇ ਹਾਈ ਕੋਰਟ ਨੇ ਵੀ ਇਸ ਕਤਲ ਬਾਰੇ ਗੰਭੀਰ ਸਵਾਲ ਉਠਾਏ ਅਤੇ ਡੀਜੀਪੀ ਨੂੰ ਜ਼ਿੰਮੇਵਾਰੀ ਤੈਅ ਕਰਨ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।






















