Vikramaditya Singh Marriage: ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਦੇ ਨੌਜਵਾਨ ਨੇਤਾ ਅਤੇ ਲੋਕ ਨਿਰਮਾਣ ਵਿਭਾਗ (PWD) ਮੰਤਰੀ ਵਿਕਰਮਾਦਿੱਤਿਆ ਸਿੰਘ ਜਲਦੀ ਹੀ ਦੂਜਾ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦਾ ਵਿਆਹ ਆਉਣ ਵਾਲੇ 22 ਸਤੰਬਰ 2025 ਨੂੰ ਚੰਡੀਗੜ੍ਹ ਵਿੱਚ ਹੋਵੇਗਾ। ਵਿਕਰਮਾਦਿੱਤਿਆ ਸਿੰਘ ਦਾ ਵਿਆਹ ਚੰਡੀਗੜ੍ਹ ਦੀ ਰਹਿਣ ਵਾਲੀ ਅਮਰੀਨ ਕੌਰ ਨਾਲ ਤੈਅ ਹੋਇਆ ਹੈ, ਜੋ ਸਰਦਾਰਨੀ ਓਪਿੰਦਰ ਕੌਰ ਅਤੇ ਸਰਦਾਰ ਜੋਤਿੰਦਰ ਸਿੰਘ ਸੇਖੋਂ ਦੀ ਧੀ ਹੈ।

ਵਿਆਹ ਦਾ ਸਮਾਰੋਹ ਚੰਡੀਗੜ੍ਹ ਵਿੱਚ ਅਮਰੀਨ ਕੌਰ ਦੇ ਨਿਵਾਸ ਸਥਾਨ ‘ਤੇ ਆਯੋਜਿਤ ਕੀਤਾ ਜਾਵੇਗਾ। ਸਵੇਰੇ 10 ਵਜੇ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋਣਗੀਆਂ, ਜਿਸ ਤੋਂ ਬਾਅਦ ਦੁਪਹਿਰ 1 ਵਜੇ ਤੋਂ ਮਹਿਮਾਨਾਂ ਲਈ ਲੰਚ ਦਾ ਪ੍ਰਬੰਧ ਕੀਤਾ ਗਿਆ ਹੈ। ਵਿਕਰਮਾਦਿੱਤਿਆ ਦੀ ਹੋਣ ਵਾਲੀ ਦੁਲਹਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਹਨ।

ਇਸ ਮੁਟਿਆਰ ਨਾਲ ਹੋਇਆ ਸੀ ਪਹਿਲਾ ਵਿਆਹ

ਇਹ ਵਿਕਰਮਾਦਿੱਤਿਆ ਸਿੰਘ ਦਾ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸ਼ਾਦੀ 8 ਮਾਰਚ 2019 ਨੂੰ ਰਾਜਸਥਾਨ ਦੇ ਮੇਵਾਤ ਵੰਸ਼ ਦੀ ਰਾਜਕੁਮਾਰੀ ਸੁਦਰਸ਼ਨਾ ਸਿੰਘ ਨਾਲ ਹੋਈ ਸੀ। ਉਨ੍ਹਾਂ ਦਾ ਵਿਆਹ ਉਦੈਪੁਰ ਦੇ ਕਨੋਤਾ ਪਿੰਡ ਵਿੱਚ ਸਥਿਤ ਕਨੋਤਾਗੜ੍ਹ ਪੈਲੇਸ ਵਿੱਚ ਹੋਇਆ ਸੀ। ਸੁਦਰਸ਼ਨਾ ਸਿੰਘ ਨੇ ਮੁੰਬਈ ਦੇ ਸੋਫੀਆ ਕਾਲਜ ਤੋਂ ਸਮਾਜਸ਼ਾਸਤਰ ਵਿੱਚ ਮਾਸਟਰਜ਼ ਅਤੇ ਇੰਟੀਰੀਅਰ ਡਿਜ਼ਾਇਨਿੰਗ ਦਾ ਕੋਰਸ ਕੀਤਾ ਹੈ। ਕੁਝ ਸਮੇਂ ਬਾਅਦ ਦੋਵੇਂ ਦੇ ਵਿਆਹਿਕ ਸੰਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ, ਜਿਸ ਕਾਰਨ ਉਨ੍ਹਾਂ ਵਿੱਚ ਘਰੇਲੂ ਵਿਵਾਦ ਸ਼ੁਰੂ ਹੋ ਗਿਆ। ਇਹ ਮਾਮਲਾ ਜੈਪੁਰ ਦੀ ਫੈਮਿਲੀ ਕੋਰਟ ਤੱਕ ਪਹੁੰਚਿਆ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ।

ਵਿਕਰਮਾਦਿੱਤਿਆ ਸਿੰਘ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਹਨ। ਉਹ ਇਸ ਵੇਲੇ ਹਿਮਾਚਲ ਪ੍ਰਦੇਸ਼ ਸਰਕਾਰ ਵਿੱਚ ਲੋਕ ਨਿਰਮਾਣ ਵਿਭਾਗ (PWD) ਮੰਤਰੀ ਦੇ ਤੌਰ ‘ਤੇ ਕੰਮ ਕਰ ਰਹੇ ਹਨ। ਇਸ ਵਿਆਹ ਸਮਾਰੋਹ ਵਿੱਚ ਦੇਸ਼ ਅਤੇ ਪ੍ਰਦੇਸ਼ ਦੇ ਕਈ ਵੱਡੇ ਨੇਤਾ, ਵਿਸ਼ੇਸ਼ ਮਹਿਮਾਨ ਅਤੇ ਪ੍ਰਸਿੱਧ ਹਸਤੀਆਂ ਸ਼ਾਮਲ ਹੋ ਸਕਦੀਆਂ ਹਨ। ਇਹ ਵਿਆਹ ਹਿਮਾਚਲ ਅਤੇ ਪੰਜਾਬ ਦੋਵਾਂ ਰਾਜਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਸ ਮੌਕੇ ‘ਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਦੇ ਕਈ ਮਹੱਤਵਪੂਰਨ ਚਿਹਰੇ ਅਤੇ ਹੋਰ ਰਾਜਾਂ ਦੇ ਵੀ ਵੱਡੇ ਨੇਤਾ ਮੌਜੂਦ ਰਹਿਣ ਦੀ ਉਮੀਦ ਹੈ। ਵਿਆਹ ਨੂੰ ਲੈ ਕੇ ਦੋਵੇਂ ਪਰਿਵਾਰਾਂ ਵਿੱਚ ਤਿਆਰੀਆਂ ਜ਼ੋਰ-ਸ਼ੋਰ ਨਾਲ ਜਾਰੀ ਹਨ। ਵਿਆਹ ਦਾ ਕਾਰਡ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ।