ਜਲੰਧਰ 'ਚ ਚਾਇਨਾ ਡੋਰ ਦਾ ਕਹਿਰ, ਵੱਢਿਆ ਗਿਆ ਨੌਜਵਾਨ ਦਾ ਕੰਨ, ਲੱਗੇ 15 ਟਾਂਕੇ, ਲੋਕ ਬੋਲੇ- ਸ਼ਰੇਆਮ ਵਿੱਕ ਰਹੀ ਡੋਰ
ਪੰਜਾਬ ਦੇ ਵਿੱਚ ਚਾਇਨਾ ਡੋਰ ਦਾ ਕਹਿਰ ਮੁੜ ਸ਼ੁਰੂ ਹੋ ਗਿਆ ਹੈ। ਜੀ ਹਾਂ ਇੱਕ ਹੋਰ ਪੰਜਾਬੀ ਨੌਜਵਾਨ ਇਸ ਡੋਰ ਦਾ ਸ਼ਿਕਾਰ ਹੋਇਆ, ਜਿਸ ਕਰਕੇ ਉਸਦਾ ਅੱਧਾ ਕੰਨ ਵੱਢਿਆ ਗਿਆ ਤੇ ਕੁੱਝ ਉਂਗਲਾਂ ਵੀ ਜ਼ਕਮੀ ਹੋ ਗਈਆਂ ਹਨ। ਪ੍ਰਸ਼ਾਸ਼ਨ ਦੀ ਕਾਰਵਾਈ ਤੇ ਸਵਾਲੀਆ..

ਜਲੰਧਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚਾਇਨਾ ਡੋਰ ਦਾ ਕਹਿਰ ਮੁੜ ਤੋਂ ਸ਼ੁਰੂ ਹੋ ਗਿਆ। ਚਾਇਨਾ ਡੋਰ (ਮਾਂਝਾ) ਇੱਕ ਵਾਰੀ ਫਿਰ ਖਤਰਨਾਕ ਸਾਬਤ ਹੋਈ। ਸੜਕ ‘ਤੇ ਬਾਈਕ ‘ਤੇ ਜਾ ਰਹੇ ਇੱਕ ਨੌਜਵਾਨ ਨੂੰ ਪਤਲੀ ਚਾਇਨਾ ਡੋਰ ਨੇ ਆਪਣੇ ਚਪੇਟ ਵਿੱਚ ਲੈ ਲਿਆ। ਡੋਰ ਇੰਨੀ ਤੇਜ਼ ਅਤੇ ਪਤਲੀ ਸੀ ਕਿ ਨੌਜਵਾਨ ਦਾ ਅੱਧਾ ਕੰਨ ਕੱਟ ਗਿਆ ਅਤੇ ਹੱਥ ਦੀ ਉਂਗਲ ਵੀ ਜਖਮੀ ਹੋ ਗਈ, ਜਿਸ ਨਾਲ ਉਹ ਗੰਭੀਰ ਤੌਰ ‘ਤੇ ਜਖਮੀ ਹੋਇਆ। ਨੌਜਵਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੇ ਕੰਨ ਵਿੱਚ ਲਗਭਗ 15 ਟਾਂਕੇ ਲਗਾਏ ਗਏ।

ਪੀੜਤ ਨੇ ਦੱਸਿਆ ਕਿ ਡੋਰ ਸੜਕ ਦੇ ਉੱਪਰ ਲਟਕ ਰਹੀ ਸੀ, ਜੋ ਦੂਰੋਂ ਨਹੀਂ ਦਿੱਸਦੀ ਸੀ। ਚਲਦੇ ਸਮੇਂ ਅਚਾਨਕ ਡੋਰ ਗਲੇ ਅਤੇ ਕੰਨ 'ਤੇ ਲੱਗ ਗਈ, ਜਿਸ ਨਾਲ ਉਹ ਬਰੀਕ ਤੌਰ ‘ਤੇ ਜਖਮੀ ਹੋ ਗਿਆ। ਜ਼ਖਮੀ ਨੌਜਵਾਨ ਦਾ ਕਹਿਣਾ ਹੈ ਕਿ ਇਹ ਉਸਦੀ ਜ਼ਿੰਦਗੀ ਦਾ ਦੂਜਾ ਜਨਮ ਹੈ।
ਸਰਕਾਰ ਅਤੇ ਪੁਲਿਸ ‘ਤੇ ਗੰਭੀਰ ਦੋਸ਼
ਜ਼ਖਮੀ ਨੌਜਵਾਨ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਲਾਪਰਵਾਹੀ ਦੇ ਦੋਸ਼ ਲਗਾਏ। ਉਸਨੇ ਕਿਹਾ ਕਿ ਚਾਇਨਾ ਡੋਰ ਤੇ ਮਨ੍ਹਾਂ ਹੋਣ ਦੇ ਬਾਵਜੂਦ ਇਹ ਖੁਲੇਆਮ ਵੇਚੀ ਜਾ ਰਹੀ ਹੈ। ਕਈ ਘਰਾਂ ਵਿੱਚ ਗੱਟੂ (ਮਾਂਝਾ) ਵੇਚਿਆ ਜਾ ਰਿਹਾ ਹੈ। ਪਰ ਕਾਰਵਾਈ ਸਿਰਫ਼ ਕਾਗਜ਼ਾਂ ਤੱਕ ਸੀਮਿਤ ਹੈ। ਕਦੇ-ਕਦੇ ਕੁਝ ਮਾਂਝੇ ਫੜ ਕੇ ਛੱਡ ਦਿੱਤੇ ਜਾਂਦੇ ਹਨ, ਜਦਕਿ ਅਸਲੀ ਸਪਲਾਈ ‘ਤੇ ਰੋਕ ਨਹੀਂ ਲਾਈ ਜਾਂਦੀ।
ਪੀੜਤ ਨੇ ਮੀਡੀਆ ਰਾਹੀਂ ਲੋਕਾਂ, ਖਾਸ ਕਰਕੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਚਾਇਨਾ ਡੋਰ ਬਿਲਕੁਲ ਨਾ ਦੇਣ। ਇਹ ਸਿਰਫ਼ ਮਨੁੱਖਾਂ ਲਈ ਹੀ ਨਹੀਂ, ਪੰਛੀਆਂ ਲਈ ਵੀ ਖਤਰਨਾਕ ਹੈ। ਉਸਨੇ ਕਿਹਾ ਕਿ ਜੇ ਪ੍ਰਸ਼ਾਸਨ ਸਖਤ ਕਦਮ ਨਹੀਂ ਚੁੱਕਦਾ, ਤਾਂ ਆਮ ਲੋਕਾਂ ਨੂੰ ਸੂਚੇਤ ਹੋ ਕੇ ਇਸ ਤਰ੍ਹਾਂ ਦੇ ਸਮਾਨ ਦਾ ਬਾਈਕਾਟ ਕਰਨਾ ਪਵੇਗਾ। ਇਸ ਤੋਂ ਇਲਾਵਾ ਚਾਇਨਾ ਡੋਰ ਵੇਚਣ ਵਾਲਿਆਂ ਉੱਤੇ ਸਖਤ ਕਾਰਵਾਈ ਹੋਵੇ। ਚੰਗੇ ਪੱਧਰ ‘ਤੇ ਚੈਕਿੰਗ ਟੀਮਾਂ ਬਣਾਈਆਂ ਜਾਣ। ਪੁਲਿਸ ਅਤੇ ਪ੍ਰਸ਼ਾਸਨ ਸਿਰਫ਼ ਦਿਖਾਵਟੀ ਕਾਰਵਾਈ ਨਾ ਕਰਨ, ਸਗੋਂ ਸਪਲਾਈ ਚੇਨ ਨੂੰ ਤੋੜਿਆ ਜਾਵੇ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਚਾਇਨਾ ਡੋਰ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ।






















