Ludhiana News: ਲੁਧਿਆਣਾ ਦਾ ਬਦਨਾਮ ਗੈਂਗਸਟਰ ਗਗਨਦੀਪ ਸਿੰਘ ਉਰਫ਼ ਗੈਰੀ ਲਲਤੋਂ ਉਰਫ਼ ਰਾਵਣ ਨੂੰ ਪੁਲਿਸ ਨੇ ਮੁਠਭੇੜ ਦੌਰਾਨ ਕਾਬੂ ਕਰ ਲਿਆ। ਗੈਰੀ ਨੂੰ ਭੱਟੀਆਂ ਇਲਾਕੇ 'ਚ ਲੁਕੋ ਕੇ ਰੱਖੀ ਹੋਈ ਪਿਸਤੌਲ ਬਰਾਮਦ ਕਰਵਾਉਣ ਲਈ ਲਿਜਾਇਆ ਗਿਆ ਸੀ। ਉੱਥੇ ਪਹੁੰਚ ਕੇ ਉਸ ਨੇ ਪੁਲਿਸ ਟੀਮ 'ਤੇ ਫਾਇਰਿੰਗ ਕਰ ਦਿੱਤੀ।
ਜਵਾਬੀ ਕਾਰਵਾਈ ਵਜੋਂ ਸਿਟੀ ਥਾਣਾ-2 ਦੇ SHO ਤਰਵਿੰਦਰ ਬੇਦੀ ਨੇ ਗੈਰੀ ਦੀ ਲੱਤ 'ਚ ਗੋਲੀ ਮਾਰ ਦਿੱਤੀ। ਜ਼ਖ਼ਮੀ ਗੈਂਗਸਟਰ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ SHO ਤਰਵਿੰਦਰ ਬੇਦੀ ਵੀ ਜ਼ਖ਼ਮੀ ਹੋ ਗਏ ਹਨ ਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਇਸ ਮਾਮਲੇ ਦੇ ਚੱਲਦੇ ਹੋਈ ਵੱਡੀ ਕਾਰਵਾਈ
ਇਹ ਕਾਰਵਾਈ CIA ਸਟਾਫ ਅਤੇ ਸਿਟੀ ਥਾਣਾ 2 ਦੀ ਟੀਮ ਵੱਲੋਂ ਮਿਲ ਕੇ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਗੈਰੀ ਉਨ੍ਹਾਂ ਮੁਲਜ਼ਮਾਂ ਵਿਚੋਂ ਇਕ ਸੀ, ਜੋ 15 ਜੂਨ ਨੂੰ ਗ੍ਰੀਨਲੈਂਡ ਹੋਟਲ ਨੇੜੇ ਹੋਈ ਗੈਂਗਵਾਰ ਦੀ ਘਟਨਾ ਵਿਚ ਸ਼ਾਮਲ ਸੀ। ਇਹ ਗੈਂਗਵਾਰ ਗੈਰੀ ਲਲਤੋਂ ਅਤੇ ਸੁਖਵੀਰ ਭੂਚੀ ਗੈਂਗ ਦੇ ਵਿਚਕਾਰ ਇਕ ਕੁੜੀ ਨਾਲ ਦੋਸਤੀ ਨੂੰ ਲੈ ਕੇ ਹੋਇਆ ਸੀ। ਇਸ ਮਾਮਲੇ ‘ਚ ਗੈਰੀ ਲਲਤੋਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਦੀ ਜਾਂਚ ਦੌਰਾਨ ਗੈਰੀ ਨੇ ਦੱਸਿਆ ਕਿ ਉਸ ਨੇ ਭੱਟੀਆਂ ਇਲਾਕੇ ਦੀ ਰੇਲਵੇ ਲਾਈਨ ਕੋਲ ਇਕ ਪਿਸਤੌਲ ਲੁਕਾਇਆ ਸੀ। ਪੁਲਿਸ ਉਸਨੂੰ ਹਥਿਆਰ ਬਰਾਮਦ ਕਰਨ ਦੇ ਲਈ ਨਾਲ ਲੈ ਕੇ ਗਈ । ਥਾਂ 'ਤੇ ਪਹੁੰਚ ਕੇ ਗੈਰੀ ਨੇ ਅਚਾਨਕ ਪਿਸਤੌਲ ਕੱਢ ਕੇ ਪੁਲਿਸ 'ਤੇ ਗੋਲੀ ਚਲਾਈ। ਗੋਲੀ ਦਰੱਖਤ 'ਚ ਲੱਗੀ। ਜਵਾਬੀ ਕਾਰਵਾਈ ਵਿੱਚ ਐੱਸ.ਐੱਚ.ਓ. ਨੇ ਗੈਰੀ ਦੀ ਲੱਤ ਵਿੱਚ ਗੋਲੀ ਮਾਰੀ ਤੇ ਉਸਨੂੰ ਫੜ ਲਿਆ।
ਐਸਐਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਗੈਰੀ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਪੁਲਿਸ ਨੇ ਉਸ ਦੇ ਖਿਲਾਫ ਹਥਿਆਰ ਕਾਨੂੰਨ ਅਤੇ ਪੁਲਿਸ 'ਤੇ ਹਮਲਾ ਕਰਨ ਸਮੇਤ ਕਈ ਧਾਰਾਵਾਂ ਲਗਾਈਆਂ ਹਨ। ਪੁੱਛਗਿੱਛ ਦੌਰਾਨ ਹੋਰ ਨਾਮ ਵੀ ਸਾਹਮਣੇ ਆ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।