ਲੁਧਿਆਣਾ ਵਿੱਚ ਐਤਵਾਰ ਨੂੰ ਸਰਪੰਚ ਅਤੇ ਪੰਚਾਂ ਦੀਆਂ ਉਪਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹੀਆਂ। ਇਸ ਤੋਂ ਬਾਅਦ ਨਤੀਜੇ ਜਾਰੀ ਕਰ ਦਿੱਤੇ ਗਏ। ਜਗਰਾਓਂ, ਰਾਏਕੋਟ, ਸਿਧਵਾਂ ਬੇਟ, ਮੁੱਲਾਂਪੁਰ ਸੁਧਾਰ ਅਤੇ ਪੱਖੋਵਾਲ ਬਲਾਕਾਂ ਦੇ ਪਿੰਡਾਂ ਵਿੱਚ ਐਤਵਾਰ ਨੂੰ ਸਰਪੰਚ-ਪੰਚ ਦੀਆਂ ਉਪਚੋਣਾਂ ਸ਼ਾਂਤੀਪੂਰਨ ਢੰਗ ਨਾਲ ਕਰਵਾਈਆਂ ਗਈਆਂ।

Continues below advertisement


ਦੋ ਸਰਪੰਚ ਅਤੇ ਅੱਠ ਪਿੰਡਾਂ ਵਿੱਚ ਪੰਚ ਦੇ ਅਹੁਦਿਆਂ ਲਈ ਵੋਟਿੰਗ ਹੋਈ। ਕੋਠੇ ਅਠ ਚੱਕ ਵਿੱਚ ਸਰਿਤਾ ਰਾਣੀ ਨੇ ਮਨਜੀਤ ਕੌਰ ਨੂੰ 11 ਵੋਟਾਂ ਨਾਲ ਹਰਾਇਆ। ਇੱਥੇ ਕੁੱਲ 40 ਵੋਟਾਂ ਪਈਆਂ, ਜਿਨ੍ਹਾਂ ਵਿੱਚ ਸਰਿਤਾ ਨੂੰ 25 ਅਤੇ ਮਨਜੀਤ ਨੂੰ 14 ਵੋਟਾਂ ਮਿਲੀਆਂ। ਇੱਕ ਵੋਟ ਰੱਦ ਕੀਤੀ ਗਈ। ਰਾਏਕੋਟ ਦੇ ਜਲਾਲਦੀਵਾਲ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਨੇ ਕਾਂਗਰਸ ਦੇ ਸ਼ੰਕਰ ਦਾਸ ਨੂੰ 16 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।



ਨਵੀਂ ਆਬਾਦੀ ਅਕਾਲਗੜ੍ਹ 'ਚ ਕਾਂਗਰਸ ਦੀ ਜਿੱਤ


ਚੌਂਕੀਮਾਨ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ ਨੇ 19 ਵੋਟਾਂ ਨਾਲ ਜਿੱਤ ਦਰਜ ਕੀਤੀ। ਸਵੱਦੀ ਪੱਛਮੀ 'ਚ ਆਜ਼ਾਦ ਉਮੀਦਵਾਰ ਹਰਮਿੰਦਰ ਸਿੰਘ ਨੇ 110 ਵੋਟਾਂ ਨਾਲ ਜਿੱਤ ਹਾਸਲ ਕੀਤੀ। ਨਵੀਂ ਆਬਾਦੀ ਅਕਾਲਗੜ੍ਹ 'ਚ ਕਾਂਗਰਸ ਦੇ ਬਾਬੂ ਨਾਇਕ 27 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਪੱਬੀਆ ਪਿੰਡ ਵਿੱਚ ਆਮ ਆਦਮੀ ਪਾਰਟੀ ਦੀ ਸਰਬਜੀਤ ਕੌਰ ਨੇ 63 ਵੋਟਾਂ ਨਾਲ ਜਿੱਤ ਦਰਜ ਕੀਤੀ। ਭਰੋਵਾਲ ਖੁਰਦ ਵਿੱਚ ਰਣਧੀਰ ਸਿੰਘ 127 ਵੋਟਾਂ ਨਾਲ ਸਰਪੰਚ ਬਣੇ, ਜਦਕਿ ਪੰਚ ਪਦਾਂ 'ਤੇ ਕਾਂਗਰਸ ਦੇ ਬਾਦਲ ਕੁਮਾਰ ਅਤੇ ਪਰਮਜੀਤ ਕੌਰ ਨੇ ਜਿੱਤ ਹਾਸਲ ਕੀਤੀ।



 


ਸਭ ਤੋਂ ਵੱਧ ਵੋਟਿੰਗ ਪੱਖੋਵਾਲ ਦੇ ਪਿੰਡ ਬੜੂੰਦੀ ਵਿੱਚ ਹੋਈ, ਜਿੱਥੇ ਆਮ ਆਦਮੀ ਪਾਰਟੀ ਦੇ ਜਸਵਿੰਦਰ ਸਿੰਘ ਨੇ 748 ਵੋਟਾਂ ਨਾਲ ਜਿੱਤ ਦਰਜ ਕੀਤੀ। ਇਸ ਪਿੰਡ ਵਿੱਚ ਸਭ ਤੋਂ ਵੱਧ ਵੋਟਾਂ ਵਾਲੇ ਬੂਥ ਨੰਬਰ 72 'ਤੇ ਕੁੱਲ 925 ਵੋਟਾਂ 'ਚੋਂ 613 ਵੋਟਾਂ ਪਾਈਆਂ ਗਈਆਂ। ਬੂਥ 73 'ਚ 794 'ਚੋਂ 508, ਬੂਥ 74 'ਚ 765 'ਚੋਂ 543 ਅਤੇ ਬੂਥ 75 'ਚ 917 'ਚੋਂ 582 ਵੋਟਾਂ ਪਈਆਂ। ਕੁੱਲ 3401 ਵੋਟਾਂ ਵਿੱਚੋਂ 2246 ਵੋਟਾਂ ਪਈਆਂ।


ਚੋਣ ਵਿੱਚ ਰੂਪਿੰਦਰ ਸਿੰਘ ਨੂੰ 741 ਤੇ ਜਸਵਿੰਦਰ ਸਿੰਘ ਨੂੰ 1487 ਵੋਟਾਂ ਮਿਲੀਆਂ। 18 ਵੋਟ ਰੱਦ ਹੋਏ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਨੇ 748 ਵੋਟਾਂ ਦੀ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ। ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤਮਈ ਰਹੀ ਅਤੇ ਕਿਸੇ ਵੀ ਥਾਂ ਤੋਂ ਕੋਈ ਵਿਵਾਦ ਨਹੀਂ ਆਇਆ।