ਲੁਧਿਆਣਾ ਸੈਂਟਰਲ ਜੇਲ੍ਹ 'ਚ ਹੰਗਾਮਾ, ਕੈਦੀਆਂ ਨੇ ਪੁਲਿਸ ਅਧਿਕਾਰੀਆਂ ‘ਤੇ ਕੀਤਾ ਹਮਲਾ, ਜੇਲ੍ਹ ਸੁਪਰਡੈਂਟ ਦਾ ਸਿਰ ਇੱਟ ਮਾਰ ਫੋੜਿਆ, ਮਹਿਕਮੇ 'ਚ ਮੱਚੀ ਹਾਹਾਕਾਰ
ਪੰਜਾਬ ਵਿੱਚ ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤਾਜਪੁਰ ਰੋਡ ਤੇ ਸਥਿਤ ਸੈਂਟਰਲ ਜੇਲ੍ਹ ਵਿੱਚ ਮੰਗਲਵਾਰ ਯਾਨੀਕਿ 16 ਦਸੰਬਰ ਦੀ ਸ਼ਾਮ ਲਗਭਗ 7 ਵਜੇ ਕੈਦੀਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਝੜਪ...

ਪੰਜਾਬ ਵਿੱਚ ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤਾਜਪੁਰ ਰੋਡ ਤੇ ਸਥਿਤ ਸੈਂਟਰਲ ਜੇਲ੍ਹ ਵਿੱਚ ਮੰਗਲਵਾਰ ਯਾਨੀਕਿ 16 ਦਸੰਬਰ ਦੀ ਸ਼ਾਮ ਲਗਭਗ 7 ਵਜੇ ਕੈਦੀਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਝੜਪ ਹੋ ਗਈ। ਇਸ ਦੌਰਾਨ ਅਧਿਕਾਰੀ ਰੁਟੀਨ ਚੈਕਿੰਗ ਲਈ ਜੇਲ੍ਹ ਦੇ ਅੰਦਰ ਪਹੁੰਚੇ ਤਾਂ ਕੈਦੀਆਂ ਨੇ ਇੱਕ ਪੁਲਿਸਕਰਮੀ ‘ਤੇ ਹਮਲਾ ਕਰ ਦਿੱਤਾ।
ਸੁਪਰਡੈਂਟ 'ਤੇ ਵੀ ਇੱਟ ਨਾਲ ਹੋਇਆ ਹਮਲਾ
ਹਮਲੇ ਦੀ ਸੂਚਨਾ ਮਿਲਣ ‘ਤੇ ਜੇਲ੍ਹ ਸੁਪਰਡੈਂਟ ਕੁਲਵੰਤ ਸਿੱਧੂ ਮੌਕੇ ‘ਤੇ ਪਹੁੰਚੇ ਅਤੇ ਹਾਲਾਤ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਕੈਦੀ ਨੇ ਜੇਲ੍ਹ ਸੁਪਰਿੰਟੈਂਡੈਂਟ ਦੇ ਸਿਰ ‘ਤੇ ਇੱਟ ਮਾਰੀ, ਜਿਸ ਨਾਲ ਉਹ ਗੰਭੀਰ ਜਖਮੀ ਹੋ ਗਏ। ਜਖਮੀ ਹਾਲਤ ਵਿੱਚ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।ਇਸੇ ਤਰ੍ਹਾਂ ਡੀਸੀਪੀ ਸੁਰੱਖਿਆ ਜਗਜੀਤ ਸਿੰਘ ਦੇ ਵੀ ਗੋਡੇ ‘ਚ ਜ਼ਖਮ ਆਏ ਹਨ। ਉਹ ਵੀ ਹਸਪਤਾਲ ਵਿੱਚ ਦਾਖਲ ਹਨ।
ਦੂਜੇ ਪਾਸੇ, ਜੇਲ੍ਹ ਤੋਂ ਬਾਹਰ ਰਿਹਾਅ ਹੋ ਕੇ ਆਏ ਇੱਕ ਵਿਅਕਤੀ ਨੇ ਦੱਸਿਆ ਕਿ ਇੱਕ ਬੈਰੈਕ ਦੇ ਕੋਲ ਲਗਭਗ 200 ਤੋਂ 250 ਕੈਦੀਆਂ ਨੇ ਪੁਲਿਸ ਅਫ਼ਸਰਾਂ ‘ਤੇ ਹਮਲਾ ਕੀਤਾ। ਉਸ ਦੀ ਮੰਗਲਵਾਰ ਹੀ ਜਮਾਨਤ ਹੋਈ ਹੈ।
ਜਾਣੋ ਪੂਰਾ ਮਾਮਲਾ:
ਜਾਣਕਾਰੀ ਮੁਤਾਬਕ ਸੈਂਟਰਲ ਜੇਲ੍ਹ ਵਿੱਚ ਪਿਛਲੇ ਦਿਨ ਸਵੇਰੇ ਦੋ ਗੈਂਗਾਂ ਦੇ ਬਦਮਾਸ਼ਾਂ ਵਿੱਚ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹ ਸ਼ਾਮ ਨੂੰ ਫਿਰ ਟਕਰਾਏ। ਇਸ ਦੌਰਾਨ ਅਧਿਕਾਰੀ ਰੁਟੀਨ ਚੈਕਿੰਗ ਲਈ ਜੇਲ੍ਹ ਦੇ ਅੰਦਰ ਗਏ, ਤਾਂ ਕੈਦੀਆਂ ਨੇ ਇੱਕ ਪੁਲਿਸਕਰਮੀ ‘ਤੇ ਹਮਲਾ ਕਰ ਦਿੱਤਾ।
12 ਥਾਣਿਆਂ ਦੀ ਪੁਲਿਸ ਤਾਇਨਾਤ ਕਰਨੀ ਪਈ
ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ। ਹਾਲਾਤ ਇੰਨੇ ਬੁਰੇ ਸਨ ਕਿ ਸਥਿਤੀ ਨੂੰ ਕਾਬੂ ਵਿੱਚ ਕਰਨ ਲਈ 12 ਥਾਣਿਆਂ ਦੀ ਪੁਲਿਸ ਲਗਾਉਣੀ ਪਈ। ਕਾਫੀ ਕੋਸ਼ਿਸ਼ਾਂ ਦੇ ਬਾਅਦ ਰਾਤ ਦੇ ਦੇਰ ਸਮੇਂ ਪੁਲਿਸ ਨੇ ਹਾਲਾਤ ਉੱਤੇ ਕਾਬੂ ਪਾਇਆ।
ਜੇਲ੍ਹ ਮੰਤਰੀ ਨੇ ਰਿਪੋਰਟ ਤਲਬ ਕੀਤੀ
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਭਾਰੀ ਪੁਲਿਸ ਬਲ ਦੇ ਨਾਲ ਜੇਲ੍ਹ ਪਹੁੰਚੇ ਅਤੇ ਹਾਲਾਤ ਨੂੰ ਕਾਬੂ ਵਿੱਚ ਕੀਤਾ। ਜੇਲ੍ਹ ਦੇ ਅੰਦਰ ਅਤੇ ਬਾਹਰ ਸੁਰੱਖਿਆ ਕੜੀ ਕਰ ਦਿੱਤੀ ਗਈ। ਘਟਨਾ ਦੀ ਜਾਣਕਾਰੀ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਤੱਕ ਪਹੁੰਚਣ ‘ਤੇ ਉਨ੍ਹਾਂ ਨੇ ਅਧਿਕਾਰੀਆਂ ਤੋਂ ਇਸ ਬਾਰੇ ਰਿਪੋਰਟ ਤਲਬ ਕੀਤੀ।
ਸੈਂਟਰਲ ਜੇਲ੍ਹ ਦੇ ਬਾਹਰ ਮਾਹੌਲ ਤਣਾਅਪੂਰਨ
ਘਟਨਾ ਤੋਂ ਬਾਅਦ ਸੈਂਟਰਲ ਜੇਲ੍ਹ ਦੇ ਬਾਹਰ ਮਾਹੌਲ ਤਣਾਅਪੂਰਨ ਹੋ ਗਿਆ। ਚਸ਼ਮਦੀਦ ਦੇ ਮੁਤਾਬਕ, ਜੇਲ੍ਹ ਦੇ ਅੰਦਰੋਂ ਲਗਭਗ 20 ਮਿੰਟ ਤੱਕ ਸਾਇਰਨ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ, ਜਿਸ ਨਾਲ ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਰਾਤ ਹੋਣ 'ਤੇ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀਆਂ ਗੱਡੀਆਂ ਜੇਲ੍ਹ ਦੇ ਬਾਹਰ ਲੱਗ ਗਈਆਂ। ਕਈ ਸੀਨੀਅਰ ਅਧਿਕਾਰੀ ਲਗਾਤਾਰ ਜੇਲ੍ਹ ਦੇ ਅੰਦਰ ਅਤੇ ਬਾਹਰ ਆਉਂਦੇ-ਜਾਂਦੇ ਵੇਖੇ ਗਏ। ਇਸਦੇ ਨਾਲ ਹੀ ਐਂਬੂਲੈਂਸ ਅਤੇ ਵਾਧੂ ਪੁਲਿਸ ਬਲ ਦੀ ਤਾਇਨਾਤੀ ਦੀ ਵੀ ਜਾਣਕਾਰੀ ਹੈ।
ਹਾਲਾਂਕਿ ਇਸ ਪੂਰੇ ਘਟਨਾਕ੍ਰਮ ਬਾਰੇ ਅਜੇ ਤੱਕ ਜੇਲ੍ਹ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਅਧਿਕਾਰੀ ਇਸ ਮਾਮਲੇ ‘ਤੇ ਫਿਲਹਾਲ ਚੁੱਪ ਹਨ। ਪਰ ਮੌਕੇ ‘ਤੇ ਮੌਜੂਦ ਗੱਡੀਆਂ ਦੀ ਲਗਾਤਾਰ ਹਲਚਲ ਅਤੇ ਐਮਰਜੈਂਸੀ ਸਾਇਰਨ ਤੋਂ ਇਹ ਸਪੱਸ਼ਟ ਹੈ ਕਿ ਸੈਂਟਰਲ ਜੇਲ੍ਹ ਦੇ ਅੰਦਰ ਕੋਈ ਵੱਡੀ ਅਤੇ ਗੰਭੀਰ ਘਟਨਾ ਵਾਪਰੀ ਹੈ।






















