Punjab News : ਕੈਨੇਡਾ ਜਾਣ ਲਈ ਕਰਵਾਇਆ ਵਿਆਹ, 50 ਲੱਖ ਲੈ ਕੇ ਪਤੀ ਨੂੰ ਭੁੱਲੀ! 7 ਸਾਲ ਬਾਅਦ ਏਅਰਪੋਰਟ ’ਤੇ ਇੰਝ ਫਸੀ…
Marriage Fraud : ਲੁਧਿਆਣਾ ਦੇ ਰਾਏਕੋਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਜਾਣ ਦੇ ਸੁਪਨੇ ਨੂੰ ਲੈ ਕੇ ਹੋਏ ਵਿਆਹ ਵਿੱਚ 50 ਲੱਖ ਰੁਪਏ ਦੀ ਕਥਿਤ ਠੱਗੀ ਦੇ ਆਰੋਪ ਲੱਗੇ ਹਨ। ਪਤੀ ਹਰਪ੍ਰੀਤ ਸਿੰਘ ਨੇ

Marriage Fraud : ਲੁਧਿਆਣਾ ਦੇ ਰਾਏਕੋਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਜਾਣ ਦੇ ਸੁਪਨੇ ਨੂੰ ਲੈ ਕੇ ਹੋਏ ਵਿਆਹ ਵਿੱਚ 50 ਲੱਖ ਰੁਪਏ ਦੀ ਕਥਿਤ ਠੱਗੀ ਦੇ ਆਰੋਪ ਲੱਗੇ ਹਨ। ਪਤੀ ਹਰਪ੍ਰੀਤ ਸਿੰਘ ਨੇ ਆਪਣੀ ਪਤਨੀ ਜਸਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਧੋਖਾਧੜੀ ਦੇ ਆਰੋਪ ਲਗਾਏ ਹਨ। ਸ਼ਿਕਾਇਤ ਮੁਤਾਬਕ, ਵਿਆਹ ਤੋਂ ਬਾਅਦ ਜਸਪ੍ਰੀਤ ਕੌਰ ਕੈਨੇਡਾ ਚਲੀ ਗਈ, ਪਰ ਉਸ ਨੇ ਆਪਣੇ ਪਤੀ ਨੂੰ ਉੱਥੇ ਬੁਲਾਉਣ ਦਾ ਵਾਅਦਾ ਪੂਰਾ ਨਹੀਂ ਕੀਤਾ।
ਮਾਮਲੇ ਵਿੱਚ ਪੁਲਿਸ ਨੇ ਜਸਪ੍ਰੀਤ ਕੌਰ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਲਈ ਭਾਰਤ ਆਈ ਸੀ। ਇਸ ਤੋਂ ਬਾਅਦ ਰਾਏਕੋਟ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਲੁਧਿਆਣਾ ਲੈ ਆਈ। ਪੁਲਿਸ ਨੇ ਮੁਲਜ਼ਮ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਹੁਣ ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਜਾਣਕਾਰੀ ਮੁਤਾਬਕ, ਰਾਏਕੋਟ ਤਹਿਸੀਲ ਦੇ ਪਿੰਡ ਬੋਪਾਰਾਏ ਖੁਰਦ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਾਲ 2018 ਵਿੱਚ ਰੁਜ਼ਗਾਰ ਦੀ ਭਾਲ ਵਿੱਚ ਦੁਬਈ ਚਲਾ ਗਿਆ ਸੀ। ਸਾਲ 2019 ਵਿੱਚ ਉਸ ਦੇ ਪਿਤਾ ਰਣਜੀਤ ਸਿੰਘ ਨੇ ਪੁੱਤਰ ਦੇ ਵਿਆਹ ਲਈ ਰਿਸ਼ਤਾ ਲੱਭਣਾ ਸ਼ੁਰੂ ਕੀਤਾ।
ਇਸੇ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੁੱਗਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਦਾ ਪਰਿਵਾਰ ਵੀ ਉਸ ਲਈ ਰਿਸ਼ਤਾ ਲੱਭ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਜਸਪ੍ਰੀਤ ਨੇ ਸਾਲ 2019 ਵਿੱਚ ਆਈਲੈਟਸ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਉਸ ਦੇ 6 ਬੈਂਡ ਆਏ ਸਨ। ਉਸ ਦੀ ਇੱਛਾ ਪੜ੍ਹਾਈ ਦੇ ਆਧਾਰ ’ਤੇ ਕੈਨੇਡਾ ਜਾਣ ਦੀ ਸੀ, ਪਰ ਪਰਿਵਾਰ ਦੀ ਆਰਥਿਕ ਹਾਲਤ ਅਜਿਹੀ ਨਹੀਂ ਸੀ ਕਿ ਉਹ ਖ਼ੁਦ ਲੱਖਾਂ ਰੁਪਏ ਖ਼ਰਚ ਕਰ ਸਕੇ।
ਵਿਆਹ ਤੋਂ ਬਾਅਦ ਪਤੀ ਨੂੰ ਕੈਨੇਡਾ ਬੁਲਾਉਣ ਦੀ ਸ਼ਰਤ
ਆਰੋਪਾਂ ਮੁਤਾਬਕ, ਲੜਕੀ ਦਾ ਪਰਿਵਾਰ ਅਜਿਹਾ ਰਿਸ਼ਤਾ ਲੱਭ ਰਿਹਾ ਸੀ, ਜਿਸ ਵਿੱਚ ਵਿਆਹ ਤੋਂ ਬਾਅਦ ਲੜਕੇ ਦਾ ਪਰਿਵਾਰ ਉਸ ਨੂੰ ਆਪਣੇ ਖ਼ਰਚੇ ’ਤੇ ਕੈਨੇਡਾ ਭੇਜ ਸਕੇ। ਇਸ ਦੇ ਬਦਲੇ ਵਿੱਚ ਕੈਨੇਡਾ ਪਹੁੰਚਣ ਤੋਂ ਬਾਅਦ ਪਤੀ ਨੂੰ ਸਪਾਊਸ ਵੀਜ਼ਾ ਜਾਂ ਪੱਕੀ ਰਿਹਾਇਸ਼ ਦੀ ਪ੍ਰਕਿਰਿਆ ਰਾਹੀਂ ਉੱਥੇ ਬੁਲਾਉਣ ਦੀ ਗੱਲ ਹੋਈ ਸੀ।
ਰਿਸ਼ਤੇ ਦੀ ਗੱਲ ਰਿਸ਼ਤੇਦਾਰਾਂ ਅਤੇ ਵਿਚੋਲੇ ਰਾਹੀਂ ਅੱਗੇ ਵਧੀ। 11 ਜੁਲਾਈ 2019 ਨੂੰ ਵਿਚੋਲਾ ਰਣਧੀਰ ਸਿੰਘ ਉਰਫ਼ ਧੀਰਾ ਪਹਿਲੀ ਵਾਰ ਜਸਪ੍ਰੀਤ ਕੌਰ ਦੇ ਪਰਿਵਾਰ ਨੂੰ ਮਿਲਣ ਪਿੰਡ ਦੁੱਗਾ ਪਹੁੰਚਿਆ। ਇਸ ਤੋਂ ਬਾਅਦ ਉਸ ਨੇ ਹਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ। 22 ਜੁਲਾਈ 2019 ਨੂੰ ਰਾਏਕੋਟ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਦੋਵਾਂ ਪਰਿਵਾਰਾਂ ਦੀ ਪਹਿਲੀ ਰਸਮੀ ਮੁਲਾਕਾਤ ਹੋਈ। ਇਸ ਮੁਲਾਕਾਤ ਵਿੱਚ ਲੜਕੀ ਅਤੇ ਲੜਕੇ ਦੇ ਪਰਿਵਾਰਕ ਮੈਂਬਰਾਂ ਸਮੇਤ ਰਿਸ਼ਤੇਦਾਰ ਅਤੇ ਵਿਚੋਲਾ ਵੀ ਮੌਜੂਦ ਸਨ।
6 ਸਾਲ ਪਹਿਲਾਂ ਦਰਜ ਕਰਵਾਈ ਸੀ ਸ਼ਿਕਾਇਤ
ਹਰਪ੍ਰੀਤ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਮੁਤਾਬਕ, ਵਿਆਹ ਤੋਂ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ ਅਤੇ ਉਸ ਨੂੰ ਉੱਥੇ ਬੁਲਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਤੋਂ ਬਾਅਦ ਹਰਪ੍ਰੀਤ ਨੇ ਕਰੀਬ ਛੇ ਸਾਲ ਪਹਿਲਾਂ ਰਾਏਕੋਟ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਜਸਪ੍ਰੀਤ ਕੌਰ ਦੇ ਭਾਰਤ ਆਉਣ ’ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।
ਟ੍ਰੈਂਡਿੰਗ ਟੌਪਿਕ




















