ਰਵਨੀਤ ਕੌਰ ਦੀ ਰਿਪੋਰਟ

ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ (AAP Party) ਦੀ ਸਰਕਾਰ ਬਣਨ ਤੋਂ ਬਾਅਦ ਹੁਣ ਸੰਵਿਧਾਨਕ ਅਹੁਦਿਆਂ 'ਤੇ ਨਿਯੁਕਤੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ।  ਪੰਜਾਬ 'ਚ ਕੱਲ੍ਹ 10 ਕੈਬਨਿਟ ਮੰਤਰੀ ਸਹੁੰ ਚੁੱਕਣਗੇ ਤੇ ਉਨ੍ਹਾਂ ਦੇ ਨਾਵਾਂ 'ਤੇ ਭਗਵੰਤ ਮਾਨ ਨੇ ਮੋਹਰ ਲਾ ਦਿੱਤੀ ਹੈ। ਹਰਪਾਲ ਸਿੰਘ ਚੀਮਾ, ਡਾ: ਬਲਜੀਤ ਕੌਰ, ਹਰਭਜਨ ਸਿੰਘ ਈਟੀਓ, ਡਾ. ਵਿਜੇ ਸਿੰਗਲਾ, ਗੁਰਮੀਤ ਸਿੰਘ ਮੀਤ ਹੇਅਰ, ਹਰਜੋਤ ਸਿੰਘ ਬੈਂਸ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ (ਜ਼ਿੰਪਾ) ਵੀ ਮੰਤਰੀ ਵਜੋਂ ਸਹੁੰ ਚੁੱਕਣਗੇ। ਕੱਲ੍ਹ ਸਵੇਰੇ 11 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ।


 






ਨਵੇਂ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਪੰਜਾਬ ਦੇ ਨਵੇਂ ਮੰਤਰੀ ਮੰਡਲ ਦਾ ਕੱਲ੍ਹ ਸਹੁੰ ਚੁੱਕ ਸਮਾਗਮ ਹੋਵੇਗਾ। ਪੰਜਾਬ ਦੇ ਸਾਰੇ ਭਵਿੱਖ ਦੇ ਮੰਤਰੀਆਂ ਨੂੰ ਵਧਾਈ। ਪੰਜਾਬ ਦੇ ਲੋਕਾਂ ਨੇ ਸਾਨੂੰ ਸਾਰਿਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਅਸੀਂ ਲੋਕਾਂ ਦੀ ਸੇਵਾ ਕਰਨ ਅਤੇ ਇਮਾਨਦਾਰ ਸਰਕਾਰ ਦੇਣ ਲਈ ਦਿਨ-ਰਾਤ ਕੰਮ ਕਰਨਾ ਹੈ। ਅਸੀਂ ਖੁਸ਼ਹਾਲ ਪੰਜਾਬ ਬਣਾਉਣਾ ਚਾਹੁੰਦੇ ਹਾਂ।


ਜ਼ਿਕਰਯੋਗ ਹੈ ਕਿ ਮਾਲਵਾ ਤੋਂ 5, ਮਾਝਾ ਤੋਂ 4, ਦੋਆਬਾ ਤੋਂ 1 ਵਿਧਾਇਕ ਮੰਤਰੀ ਮੰਡਲ 'ਚ ਸ਼ਾਮਲ ਹੋਣਗੇ।  ਤੁਹਾਨੂੰ ਦੱਸ ਦੇਈਏ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਇਨ੍ਹਾਂ ਸਾਰੇ ਮੰਤਰੀਆਂ ਨੂੰ ਸਹੁੰ ਚੁਕਾਉਣਗੇ। ਇਸ ਤੋਂ ਬਾਅਦ 12.30 ਵਜੇ ਕੈਬਨਿਟ ਦੀ ਮੀਟਿੰਗ ਹੋਵੇਗੀ।


ਨਿਊਜ਼ ਏਜੰਸੀ ਏਐਨਆਈ ਮੁਤਾਬਕ ਸੂਤਰਾਂ ਨੇ ਦੱਸਿਆ ਹੈ ਕਿ ਕੋਟ ਕਪੂਰ ਵਿਧਾਨ ਸਭਾ ਹਲਕੇ ਤੋਂ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣਨ ਦੀ ਸੰਭਾਵਨਾ ਹੈ।