Punjab Elections 2022: ਨੰਗਲ ਸਬ-ਡਵੀਜ਼ਨ ਦੇ ਪਿੰਡ ਰਾਏਪੁਰ ਵਿੱਚ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਨੇ ਪਿੰਡ ਦੇ ਕਾਂਗਰਸੀ ਪੱਖੀ ਸਰਪੰਚ ਦੇ ਘਰ ਪੁਲਿਸ ਬੁਲਾ ਕੇ ਦੋਸ਼ ਲਾਇਆ ਕਿ ਉੱਥੇ ਭਾਰੀ ਮਾਤਰਾ ਵਿੱਚ ਸ਼ਰਾਬ ਪਈ ਹੋਈ ਹੈ। ਤਲਾਸ਼ੀ ਲੈਣ 'ਤੇ ਉਸ ਦੇ ਘਰੋਂ ਪੁਲਿਸ ਨੂੰ ਕੁਝ ਨਹੀਂ ਮਿਲਿਆ, ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਡੀਐਸਪੀ ਸਤੀਸ਼ ਸ਼ਰਮਾ ਨੂੰ ਵੀ ਪੁਲਿਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚਣਾ ਪਿਆ।



ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਸਮਰਥਕ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਦੇ ਘਰ 'ਚ ਸ਼ਰਾਬ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਹ ਆਪਣੇ ਹੋਰ ਸਮਰਥਕਾਂ ਸਮੇਤ ਮੌਕੇ 'ਤੇ ਪਹੁੰਚੇ ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਕਾਫੀ ਦੇਰ ਤਕ ਕਮਰੇ ਦੀ ਤਲਾਸ਼ੀ ਲਈ ਪਰ ਉਦੋਂ ਤੱਕ ਉਥੇ ਕੁਝ ਨਹੀਂ ਮਿਲਿਆ।

ਦੂਜੇ ਪਾਸੇ ਪਿੰਡ ਦੀ ਸਰਪੰਚ ਨੇ 'ਆਪ' ਸਮਰਥਕਾਂ 'ਤੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਉਹ ਆਪਣੇ ਪਤੀ ਤੇ ਬੱਚਿਆਂ ਨਾਲ ਕਾਰ 'ਚ ਖਰੀਦਦਾਰੀ ਕਰਨ ਜਾ ਰਹੀ ਸੀ ਤਾਂ 'ਆਪ' ਵਰਕਰਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਤੇ ਅਸ਼ਲੀਲ ਹਰਕਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਹਾਲੇ ਤਕ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨਹੀਂ, ਗੁੰਡਾਗਰਦੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਘਰੋਂ ਕੁਝ ਨਹੀਂ ਮਿਲਿਆ।

ਦੂਜੇ ਪਾਸੇ ਸ਼ਿਕਾਇਤ ਮਿਲਣ ਤੋਂ ਬਾਅਦ ਐਫਐਸਟੀ ਟੀਮ ਦੇ ਇੰਚਾਰਜ ਅਰਵਿੰਦ ਸ਼ਰਮਾ ਤੇ ਡੀਐਸਪੀ ਸਤੀਸ਼ ਕੁਮਾਰ ਨੇ ‘ਆਪ’ ਸਮਰਥਕਾਂ ਨਾਲ ਉਕਤ ਘਰ ਦੀ ਤਲਾਸ਼ੀ ਲਈ, ਪਰ ਘਰ ਵਿੱਚੋਂ ਕੁਝ ਵੀ ਨਹੀਂ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਫਐਸਟੀ ਦੇ ਇੰਚਾਰਜ ਅਰਵਿੰਦ ਸ਼ਰਮਾ ਨੇ ਦੱਸਿਆ ਕਿ 'ਆਪ' ਉਮੀਦਵਾਰ ਨੇ ਫੋਨ 'ਤੇ ਸ਼ਿਕਾਇਤ ਕੀਤੀ ਸੀ ਕਿ ਉਕਤ ਪਿੰਡ ਦੇ ਘਰ 'ਚ ਭਾਰੀ ਮਾਤਰਾ 'ਚ ਸ਼ਰਾਬ ਪਈ ਹੈ ਪਰ ਜਾਂਚ ਕਰਨ 'ਤੇ ਕੁਝ ਨਹੀਂ ਮਿਲਿਆ।

ਇਸ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਡੀਐਸਪੀ ਸਤੀਸ਼ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ 'ਆਪ' ਉਮੀਦਵਾਰ ਹਰਜੋਤ ਸਿੰਘ ਵੱਲੋਂ ਫ਼ੋਨ 'ਤੇ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਅਸੀਂ ਮੌਕੇ 'ਤੇ ਪਹੁੰਚ ਕੇ ਉਕਤ ਘਰ ਦੀ ਤਲਾਸ਼ੀ ਲਈ ਪਰ ਉਥੇ ਕੁਝ ਵੀ ਨਹੀਂ ਮਿਲਿਆ। ਦੋਵਾਂ ਧਿਰਾਂ ਵਿਚਾਲੇ ਕਾਫੀ ਤਕਰਾਰਬਾਜ਼ੀ ਹੋਈ ਪਰ ਅਖੀਰ ਦੋਵਾਂ ਧਿਰਾਂ ਵਿਚਾਲੇ ਲਿਖਤੀ ਸਮਝੌਤਾ ਹੋ ਗਿਆ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904