ਅੰਮ੍ਰਿਤਸਰ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਉਹ ਅੰਮ੍ਰਿਤਸਰ ਪੂਰਬੀ ਹਲਕੇ ਵਿਚ ਆਪਣੇ ਸਮਰਥਕਾਂ ਨੂੰ ਸੜਕਾਂ ਰੋਕਣ ਲਈ ਭੜਕਾਉਣ ’ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ ਕਾਰਵਾਈ ਕਰੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਧੂ ਦੇ ਸਮਰਥਕ ਤੇ ਸਥਾਨਕ ਕੌਂਸਲਰ ਬੱਬਾ ਬੇਕਰੀਵਾਲ ਨੇ ਉਹ ਸੜਕ ਅੱਜ ਗੱਡੀਆਂ ਲਗਾ ਕੇ ਰੋਕ ਦਿੱਤੀ ,ਜਿਸ ਰਾਹੀਂ ਉਹ ਸਾਬਕਾ ਕਾਂਗਰਸੀ ਕੌਂਸਲਰ ਅਜੀਤ ਸਿੰਘ ਦੇ ਘਰ ਪਹੁੰਚੇ ਸਨ ,ਜੋ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋਏ। 

 

ਉਹਨਾਂ ਕਿਹਾ ਕਿ ਇਸ ਤੋਂ ਕਾਂਗਰਸ ਪਾਰਟੀ ਦੀ ਨਮੋਸ਼ੀ ਤੇ ਘਬਰਾਹਟ ਸਾਹਮਣੇ ਆਉਂਦੀ ਹੈ ,ਜਿਸਨੇ ਇਲਾਕੇ ਦੇ ਲੋਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ।  ਉਹਨਾਂ ਕਿਹਾ ਕਿ ਮੈਂ ਚੋਣ ਕਮਿਸ਼ਨ ਨੁੰ ਬੇਨਤੀ ਕਰਦਾ ਹਾਂ ਕਿ ਉਹ ਮਾਮਲੇ ਦਾ ਨੋਟਿਸ ਲਵੇ ਅਤੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੋਕਾਂ ਨੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਵੀ ਸੌਂਪੇ ਹਨ ,ਜਿਸ ਵਿਚ ਦੱਸਿਆ ਹੈ ਕਿ ਕਿਵੇਂ ਨਵਜੋਤ ਸਿੱਧੂ ਬ੍ਰਾਹਮਣ ਭਾਈਚਾਰੇ ਦੇ ਖਿਲਾਫ ਅਪਮਾਨਜਨਕ ਟਿੱਪਣੀਆਂ ਕਰ ਰਹੇ ਹਨ ਅਤੇ ਕਿਵੇਂ ਉਹਨਾ ਮੂਧਲ ਪਿੰਡ ਦੀ ਮਹਿਲਾ ਸਰਪੰਚ ਨਾਲ ਬਦਸਲੁਕੀ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਚੋਣ ਕਮਿਸ਼ਨ ਨੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ।
 
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਧੂ ਘਬਰਾ ਗਿਆ ਹੈ ਤੇ ਜਿਸ ਤਰੀਕੇ ਉਹ ਵਿਹਾ ਰਕਰ ਰਿਹਾ ਹੈ, ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਤੋਂ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਪਾਰਟੀ ਦੇ ਵਰਕਰ ਅਤੇ ਆਗੂ ਉਸਨੁੰ ਵੱਡੀ ਗਿਣਤੀ ਵਿਚ ਛੱਡ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕਿਉਂਕਿ ਲੋਕ ਉਸਦੇ ਹੰਕਾਰੀ ਰਵੱਈਏ ਤੋਂ ਤੰਗ ਆ ਗਏ ਹਨ ਅਤੇ ਇਹ ਵੀ ਇਕ ਸੱਚਾਈ ਹੈ ਕਿ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਜੋੜੇ ਨੇ ਹਲਕੇ ਨੁੰ ਪੂਰੀ ਤਰ੍ਹਾਂ ਅਣਗੌਲਿਆ ਹੈ।

 

ਉਹਨਾਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਵਿਚ ਜ਼ੀਰੋ ਵਿਕਾਸ ਹੋਇਆ ਹੈ। ਉਹਨਾਂ ਕਿਹਾ ਕਿ ਤੁਸੀਂ ਇਥੇ ਸਬਜ਼ੀ ਮੰਡੀ ਅਤੇ ਫੋਕਲ ਪੁਆਇੰਟ ਵੇਖ ਸਕੇਦ ਹੋ। ਸਿੱਧੂ ਜੋੜੇ ਨੇ ਦੋ ਦਹਾਕਿਆਂ ਤੱਕ ਹਲਕੇ ਦੀ ਪ੍ਰਤੀਨਿਧਤਾ ਕੀਤੀ ਹੈ ਪਰ ਇਸ ਲਈ ਕੱਖ ਨਹੀਂ ਕੀਤਾ। ਇਹੀ ਕਾਰਨ ਹੈ ਕਿ ਜਦੋਂ ਲੋਕ ਉਹਨਾਂ ਤੋਂ ਕਾਰਗੁਜ਼ਾਰੀ ਬਾਰੇ ਪੁੱਛਦੇ ਹਨ ਤਾਂ ਸਿੱਧੂ ਜੋੜਾ ਭੜਕ ਉਠਦਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਕਿ ਸਿੱਧੂ ਨੇ ਆਪ ਪਹਿਲਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਕੰਮ ਕਰਨ ਦੇ ਤਰੀਕੇ ’ਤੇ ਸਵਾਲ ਚੁੱਕ ਕੇ ਤੇ ਫਿਰ ਬ੍ਰਾਹਮਣ ਭਾਈਚਾਰੇ ਅਤੇ ਮੂਧਲ ਪਿੰਡ ਦੀ ਸਰਪੰਚ ’ਤੇ ਆਪਣੀ ਭੜਾਸ ਕੱਢ ਕੇ ਆਪਣੀ ਹਾਰ ਮੰਨ ਲਈ ਹੈ।

 
ਜਦੋਂ ਉਹਨਾਂ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬਹੁਮਤ ਹਾਸਲ ਕਰਨ ਦੇ ਦਾਅਵਿਆਂ ਬਾਰੇ ਪੁੱਛਿਆ ਗਿਆ ਤਾਂ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦੇ ਦਾਅਵੇ 2017 ਵਾਂਗ ਹਨ ਜਦੋਂ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਹ 100 ਸੀਟਾਂ ਜਿੱਤੇਗੀ। ਅਕਾਲੀ ਆਗੂ ਨੇ ਕਿਹਾ ਕਿ ਲੋਕਾਂ ਨੁੰ ਆਮ ਆਾਦਮੀ ਪਾਰਟੀ ਤੋਂ ਧੋਖਾ ਮਹਿਸੂਸ ਹੋ ਰਿਹਾ ਹੈ  ਕਿਉਂਕਿ ਇਸਦੇ 20 ਵਿਚੋਂ 11 ਵਿਧਾਇਕ ਕਾਂਗਰਸ ਪਾਰਟੀ ਨਾਲ ਜਾ ਰਲੇ। ਇਹੀ ਕਾਰਨਹੈ ਕਿ 2017 ਵਿਚ ਆਮ ਆਦਮੀ ਪਾਰਟੀ ਦਾ ਜੋ ਵੋਟ ਸ਼ੇਅਰ 23 ਫੀਸਦੀ ਸੀ ,ਉਹ 2019 ਵਿਚ ਘੱਟ ਕੇ 7 ਫੀਸਦੀ ਰਹਿ ਗਿਆ ਤੇ ਹੁਣ ਹੋਰ ਵੀ ਹੇਠਾਂ ਆ ਜਾਵੇਗਾ।