ਮੋਰਿੰਡਾ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ 'ਆਪ' ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਦੇ ਹੱਕ ਵਿੱਚ ਮੋਰਿੰਡਾ ਵਿਖੇ ਚੋਣ ਮਾਰਚ ਕੀਤਾ। ਮਾਨ ਨੇ ਡਾ. ਚਰਨਜੀਤ ਸਿੰਘ  ਲਈ ਪ੍ਰਚਾਰ ਕਰਦਿਆਂ ਕਿਹਾ ਕਿ 20 ਤਰੀਕ ਨੂੰ ਗੁੱਲੀ ਡੰਡਾ ਖੇਡਣ ਵਾਲੇ ਚੰਨੀ ਨੂੰ ਮੋਰਿੰਡਾ ਦੇ ਲੋਕਾਂ ਨੇ ਹਰਾਉਣਾ ਹੈ ਅਤੇ 'ਆਪ' ਦੇ ਡਾ. ਚਰਨਜੀਤ ਸਿੰਘ ਨੂੰ ਜਿਤਾਉਣਾ ਹੈ।


ਬੁੱਧਵਾਰ ਨੂੰ ਮੋਰਿੰਡਾ ਵਿਖੇ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਇੱਕ ਮੌਕਾ ਹੈ ਆਪਣੇ ਬੱਚਿਆਂ ਅਤੇ ਪੰਜਾਬ ਦੀ ਕਿਸਮਤ ਬਦਲਣ ਦਾ। ਸਿੱਖਿਆ ਅਤੇ ਇਲਾਜ ਵਿਵਸਥਾ ਠੀਕ ਕਰਨ ਦਾ। ਮਾਫੀਆ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦਾ। ਬਿਜਲੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਾ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਕਿਸਾਨਾਂ ਨੂੰ ਕਰਜ਼ੇ ਤੋਂ ਮੁੱਕਤੀ ਦਿਵਾਉਣ ਦਾ । ਇਸ ਲਈ 20 ਫਰਵਰੀ ਨੂੰ ਸਭ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇਣ ਅਤੇ 'ਆਪ' ਦੀ ਸਰਕਾਰ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਵੇਗੀ।


ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ ਪਰਿਵਰਤਨ ਦੀ ਲਹਿਰ ਚੱਲ ਰਹੀ ਹੈ ਅਤੇ ਇਹ ਲਹਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੁਨੇਹਾ ਦੇ ਰਹੀ ਹੈ। ਇਸ ਲਈ ਇੱਥੋਂ ਦੇ ਵੋਟਰਾਂ ਨੇ ਵੀ ਆਪਣਾ ਆਗੂ ਅਤੇ ਸਰਕਾਰ ਬਦਲਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਚੰਨੀ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਹਾਰੇਗਾ।

 

ਜਿ਼ਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 20 ਫਰਵਰੀ, 2022 (ਐਤਵਾਰ) ਨੂੰ ਸਵੇਰੇ 08.00 ਵਜੇ ਤੋਂ ਸ਼ਾਮ 06.00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ, 2022 ਵੀਰਵਾਰ ਨੂੰ ਹੋਵੇਗੀ। ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਾਸਤੇ 20 ਫਰਵਰੀ, 2022 ਨੂੰ ਹੋਣ ਵਾਲੀਆਂ ਚੋਣਾਂ ਲਈ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਦੋ ਟਰਾਂਸਜੈਂਡਰ ਅਤੇ 93 ਔਰਤਾਂ ਹਨ, ਜਦਕਿ 1209 ਉਮੀਦਵਾਰ ਪੁਰਸ਼ ਹਨ। ਇਹ ਜਾਣਕਾਰੀ ਵੀਰਵਾਰ ਨੂੰ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐੱਸ ਕਰੁਣਾ ਰਾਜੂ ਨੇ ਦਿੱਤੀ।