deshbandhu exit poll: ਦੇਸ਼ ਦੇ ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ ਪਰ Exit Polls 'ਚ ਚੋਣ ਨਤੀਜਿਆਂ ਦੀ ਤਸਵੀਰ ਸਾਫ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜ਼ਿਆਦਾਤਰ Exit Polls 'ਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਤੇ ਉੱਤਰ ਪ੍ਰਦੇਸ਼ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ ਪਰ ਦੇਸ਼ਬੰਧੂ ਦੇ ਐਗਜ਼ਿਟ ਪੋਲ ਨੇ ਸਭ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ।
ਦੇਸ਼ਬੰਧੂ ਦੇ ਐਗਜ਼ਿਟ ਪੋਲ ਮੁਤਾਬਕ ਪੰਜਾਬ 'ਚ ਕਾਂਗਰਸ ਮੁੜ ਸੱਤਾ 'ਚ ਆ ਸਕਦੀ ਹੈ। ਪਾਰਟੀ ਨੂੰ 62 ਤੋਂ 68 ਸੀਟਾਂ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਬਾਕੀ ਸਾਰੇ ਐਗਜ਼ਿਟ ਪੋਲ 'ਚ ਜਿਸ ਆਮ ਆਦਮੀ ਪਾਰਟੀ ਨੂੰ ਲੀਡ ਰੋਲ 'ਚ ਦਿਖਾਇਆ ਗਿਆ ਹੈ, ਉਹ ਇਸ ਐਗਜ਼ਿਟ ਪੋਲ 'ਚ 17-23 ਸੀਟਾਂ 'ਤੇ ਜਿੱਤ ਹਾਸਲ ਕਰਦੀ ਨਜ਼ਰ ਆ ਰਹੀ ਹੈ। ਇੱਥੇ ਭਾਜਪਾ ਦੀ ਹਾਲਤ ਖਰਾਬ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਉਸ ਨੂੰ 2 ਤੋਂ 8 ਸੀਟਾਂ ਮਿਲਣ ਦੀ ਗੱਲ ਕਹੀ ਗਈ ਹੈ।
ਦੇਸ਼ਬੰਧੂ ਨੇ ਆਪਣੇ ਐਗਜ਼ਿਟ ਪੋਲ (Deshbandhu Exit Poll)ਵਿੱਚ ਉੱਤਰ ਪ੍ਰਦੇਸ਼ ਵਿੱਚ ਵੱਡੀ ਉਥਲ-ਪੁਥਲ ਹੋਣ ਦੀ ਗੱਲ ਕਹੀ ਹੈ। ਇਸ ਐਗਜ਼ਿਟ ਪੋਲ ਮੁਤਾਬਕ ਯੂਪੀ 'ਚ ਭਾਰਤੀ ਜਨਤਾ ਪਾਰਟੀ (BJP) 150 ਸੀਟਾਂ 'ਤੇ ਸਿਮਟਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ (Samajwadi Party) 244 ਸੀਟਾਂ ਤੱਕ ਜਿੱਤ ਸਕਦੀ ਹੈ।ਦੂਸਰੇ ਐਗਜ਼ਿਟ ਪੋਲਾਂ ਦੀ ਤਰ੍ਹਾਂ ਦੇਸ਼ਬੰਧੂ ਨੇ ਵੀ ਬਸਪਾ ਅਤੇ ਕਾਂਗਰਸ ਦੇ ਖ਼ਰਾਬ ਪ੍ਰਦਰਸ਼ਨ ਦਾ ਖਦਸ਼ਾ ਪ੍ਰਗਟਾਇਆ ਹੈ। ਯਾਨੀ ਪ੍ਰਿਯੰਕਾ ਗਾਂਧੀ ਨੂੰ ਮੈਦਾਨ ਵਿੱਚ ਉਤਾਰਨ ਦਾ ਕਾਂਗਰਸ ਨੂੰ ਸ਼ਾਇਦ ਜ਼ਿਆਦਾ ਫਾਇਦਾ ਨਾ ਮਿਲੇ।
ਦੇਸ਼ਬੰਧੂ ਦੇ ਐਗਜ਼ਿਟ ਪੋਲ ਨੇ ਉੱਤਰਾਖੰਡ ਵਿੱਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ਦੀ ਭਵਿੱਖਬਾਣੀ ਕੀਤੀ ਹੈ। ਐਗਜ਼ਿਟ ਪੋਲ 'ਚ 70 ਮੈਂਬਰੀ ਉੱਤਰਾਖੰਡ ਵਿਧਾਨ ਸਭਾ 'ਚ ਕਾਂਗਰਸ ਨੂੰ 40 ਤੋਂ 46 ਸੀਟਾਂ ਮਿਲਣ ਦਾ ਅਨੁਮਾਨ ਜਤਾਇਆ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਨੂੰ 22 ਤੋਂ 28 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ। ਆਮ ਆਦਮੀ ਪਾਰਟੀ ਅਤੇ ਹੋਰਨਾਂ ਨੂੰ ਜ਼ੀਰੋ ਤੋਂ 2 ਸੀਟਾਂ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਐਗਜ਼ਿਟ ਪੋਲ ਮਨੀਪੁਰ ਵਿੱਚ ਸਖ਼ਤ ਮੁਕਾਬਲੇ ਦੇ ਸੰਕੇਤ ਦੇ ਰਹੇ ਹਨ। 60 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੂੰ 23 ਤੋਂ 27, ਕਾਂਗਰਸ ਨੂੰ 21 ਤੋਂ 25 ਅਤੇ ਹੋਰਨਾਂ ਨੂੰ 10 ਤੋਂ 14 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਗੌਰਤਲਬ ਹੈ ਕਿ 10 ਫਰਵਰੀ ਤੋਂ 7 ਮਾਰਚ ਤੱਕ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਹਨ। ਉੱਤਰ ਪ੍ਰਦੇਸ਼ ਵਿੱਚ ਸੱਤ ਪੜਾਵਾਂ ਵਿੱਚ ਚੋਣਾਂ ਹੋਈਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਵੀਰਵਾਰ 10 ਮਾਰਚ ਨੂੰ ਆ ਰਹੇ ਹਨ।