ਨਵੀਂ ਦਿੱਲੀ : ਦੇਸ਼ ਦੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ 5 ਸੂਬਿਆਂ 'ਚ ਕਾਂਗਰਸ ਲਈ ਬੁਰੀ ਖ਼ਬਰ ਹੈ। ਕਾਂਗਰਸ ਸੱਤਾ ਹਾਸਲ ਕਰਨਾ ਤਾਂ ਦੂਰ ਸਮਾਨਜਨਕ ਸੀਟ ਹਾਸਲ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕੇਰਲ ਦੇ ਵਾਇਨਾਡ (Wayanad) ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਫਨੀ ਮੀਮਜ਼ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਰਾਹੁਲ ਗਾਂਧੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਈਸਕ੍ਰੀਮ ਵਾਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਰਾਹੁਲ ਗਾਂਧੀ ਆਈਸਕ੍ਰੀਮ ਖਾਂਦੇ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਕੈਪਸ਼ਨ ਦਿੱਤਾ ਹੈ 'ਮੇਨੀ ਸਵਾਦ ਆਫ ਵਾਇਨਾਡ'। ਇਸ ਦੇ ਨਾਲ ਹੀ ਕਾਂਗਰਸ ਦੇ ਟਵਿੱਟਰ ਹੈਂਡਲ ਤੋਂ ਰਾਹੁਲ ਗਾਂਧੀ ਦਾ ਬੈਡਮਿੰਟਨ ਖੇਡਦੇ ਹੋਏ ਵੀਡੀਓ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, "ਸ਼੍ਰੀਮਾਨ ਰਾਹੁਲ ਗਾਂਧੀ ਸੁਲਮੁਸਲਾਮ ਆਰਟਸ ਐਂਡ ਸਾਇੰਸ ਕਾਲਜ ਅਰੇਕੋਡ, ਏਰਨਾਡ, ਮਲਪੁਰਮ ਦੇ ਨਵੇਂ ਇਨਡੋਰ ਸਟੇਡੀਅਮ ਵਿੱਚ ਬੈਡਮਿੰਟਨ ਦੀ ਖੇਡ ਦਾ ਆਨੰਦ ਲੈਂਦੇ ਹੋਏ।"
ਰਾਹੁਲ ਗਾਂਧੀ ਦੀ ਇਸ ਤਸਵੀਰ ਅਤੇ ਵੀਡੀਓ 'ਤੇ ਲੋਕ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਅਮੇਠੀ ਦੇ ਨਾਲ-ਨਾਲ ਕੇਰਲ ਦੀ ਵਾਇਨਾਡ ਸੀਟ ਤੋਂ ਚੋਣ ਮੈਦਾਨ ਵਿੱਚ ਸਨ। ਹਾਲਾਂਕਿ ਉਹ ਅਮੇਠੀ ਤੋਂ ਹਾਰ ਗਏ ਸਨ ਪਰ ਉਹ ਵਾਇਨਾਡ ਸੀਟ ਜਿੱਤਣ ਵਿਚ ਸਫਲ ਰਹੇ ਸਨ। ਇਸ ਤੋਂ ਬਾਅਦ ਉਹ ਨਿਯਮਤ ਅੰਤਰਾਲ 'ਤੇ ਕੇਰਲ ਅਤੇ ਵਾਇਨਾਡ ਦਾ ਦੌਰਾ ਕਰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਰਾਹੁਲ ਗਾਂਧੀ ਕਦੇ ਸਕੂਲੀ ਵਿਦਿਆਰਥੀਆਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਕਦੇ ਕੋਈ ਹੋਰ ਕੰਮ ਕਰਦੇ ਨਜ਼ਰ ਆ ਰਹੇ ਹਨ।
ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਯੂਪੀ ਵਿੱਚ ਕਾਂਗਰਸ ਸਿਰਫ਼ ਦੋ ਸੀਟਾਂ ’ਤੇ ਹੀ ਅੱਗੇ ਹੈ। ਦੂਜੇ ਪਾਸੇ ਉੱਤਰਾਖੰਡ ਵਿੱਚ 18, ਪੰਜਾਬ ਵਿੱਚ 18, ਗੋਆ ਵਿੱਚ 11 ਅਤੇ ਮਨੀਪੁਰ ਵਿੱਚ ਚਾਰ ਅੱਗੇ ਹਨ। ਕਾਂਗਰਸ ਪੰਜਾਬ ਦੀ ਸੱਤਾ ਗੁਆ ਚੁੱਕੀ ਹੈ। ਇੱਥੇ ਕੁੱਲ 117 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ 93 ਸੀਟਾਂ ਜਿੱਤ ਗਈ ਹੈ। ਦੱਸ ਦਈਏ ਕਿ ਪੰਜ ਸੂਬਿਆਂ 'ਚ ਹੋਈਆਂ ਚੋਣਾਂ 'ਚ ਭਾਜਪਾ ਚਾਰ ਸੂਬਿਆਂ 'ਚ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ, ਜਦਕਿ ਪੰਜਾਬ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਅਤੇ ਉਨ੍ਹਾਂ ਦੀ ਅਗਵਾਈ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ।